ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਨਾਰੀ ਨਿਕੇਤਨ ਜਲੰਧਰ ਦਾ ਕੀਤਾ ਦੌਰਾ
-ਬੱਚਿਆਂ ਨਾਲ ਸਮਾਂ ਬਿਤਾ
Publish Date: Sat, 04 Apr 2026 09:17 PM (IST)
Updated Date: Sat, 04 Apr 2026 09:19 PM (IST)
-ਬੱਚਿਆਂ ਨਾਲ ਸਮਾਂ ਬਿਤਾ ਕੇ ਸਟੇਸ਼ਨਰੀ ਤੇ ਚਾਕਲੇਟ ਵੰਡੀਆਂ, ਸਹੂਲਤਾਂ ਦਾ ਲਿਆ ਜਾਇਜ਼ਾ
ਜਾਸ, ਜਲੰਧਰ : ਮਨੁੱਖਤਾ ਤੇ ਸਮਾਜਿਕ ਸੇਵਾ ਦੀ ਭਾਵਨਾ ਤਹਿਤ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਪ੍ਰਧਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ (ਡੀਐੱਲਐੱਸਏ) ਜਲੰਧਰ ਨਿਰਭਓ ਸਿੰਘ ਗਿੱਲ ਨੇ ਨਾਰੀ ਨਿਕੇਤਨ ਜਲੰਧਰ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਉਥੇ ਰਹਿ ਰਹੇ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਦੇ ਭਲਾਈ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ’ਤੇ ਉਨ੍ਹਾਂ ਨਾਲ ਸੀਜੇਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਜਲੰਧਰ ਰਾਹੁਲ ਕੁਮਾਰ ਆਜ਼ਾਦ ਵੀ ਹਾਜ਼ਰ ਰਹੇ। ਦੌਰੇ ਦਾ ਮੁੱਖ ਟੀਚਾ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਸਮਝਣਾ ਤੇ ਉਨ੍ਹਾਂ ਨੂੰ ਭਾਵਨਾਤਮਕ ਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਨਾ ਸੀ। ਨਿਰੀਖਣ ਦੌਰਾਨ ਅਧਿਕਾਰੀਆਂ ਨੇ ਬੱਚਿਆਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਤੇ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਨਾਲ ਹੀ ਇਹ ਯਕੀਨੀ ਬਣਾਇਆ ਗਿਆ ਕਿ ਸੰਸਥਾ ’ਚ ਦਿੱਤੀਆਂ ਜਾ ਰਹੀਆਂ ਸਹੂਲਤਾਂ, ਦੇਖਭਾਲ ਤੇ ਸਫਾਈ ਪ੍ਰਬੰਧ ਤੈਅ ਮਿਆਰਾਂ ਮੁਤਾਬਕ ਹਨ।
ਬੱਚਿਆਂ ਦੇ ਚਿਹਰੇ ’ਤੇ ਮੁਸਕ੍ਰਾਹਟ ਲਿਆਉਣ ਲਈ ਉਨ੍ਹਾਂ ਨੂੰ ਸਟੇਸ਼ਨਰੀ ਦਾ ਸਾਮਾਨ ਤੇ ਚਾਕਲੇਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਜੱਜ ਨਿਰਭਓ ਸਿੰਘ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨਾ ਸਿਰਫ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ, ਸਗੋਂ ਸਮਾਜ ਦੇ ਕਮਜ਼ੋਰ ਵਰਗਾਂ ਦੇ ਹੱਕਾਂ ਦੀ ਰੱਖਿਆ ਤੇ ਉਨ੍ਹਾਂ ਦੀ ਭਲਾਈ ਲਈ ਵੀ ਨਿਰੰਤਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਨਿਆਂਪਾਲਿਕਾ ਤੇ ਸਮਾਜ ਵਿਚਲੀ ਦੂਰੀ ਨੂੰ ਘਟਾਉਂਦੇ ਹਨ ਤੇ ਬੱਚਿਆਂ ’ਚ ਇਹ ਭਰੋਸਾ ਪੈਦਾ ਕਰਦੇ ਹਨ ਕਿ ਸਮਾਜ ਉਨ੍ਹਾਂ ਨਾਲ ਖੜ੍ਹਾ ਹੈ। ਜੱਜ ਰਾਹੁਲ ਕੁਮਾਰ ਆਜ਼ਾਦ ਨੇ ਦੱਸਿਆ ਕਿ ਡੀਐੱਲਐੱਸਏ ਜਲੰਧਰ ਭਵਿੱਖ ’ਚ ਵੀ ਨਾਰੀ ਨਿਕੇਤਨ ਦੀਆਂ ਜ਼ਰੂਰਤਾਂ ਦੀ ਨਿਗਰਾਨੀ ਕਰਦਾ ਰਹੇਗਾ ਤੇ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮਾਂ ਜ਼ਰੀਏ ਹਰੇਕ ਸੰਭਵ ਸਹਾਇਤਾ ਉਪਲੱਬਧ ਕਰਵਾਏਗਾ। ਨਾਰੀ ਨਿਕੇਤਨ ਦੀ ਮੈਨੇਜਮੈਂਟ ਨੇ ਜੱਜ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਬੱਚਿਆਂ ਲਈ ਪ੍ਰੇਰਨਾਦਾਇਕ ਹਨ ਤੇ ਉਨ੍ਹਾਂ ਦੀ ਭਲਾਈ ’ਚ ਸਹਾਇਕ ਸਾਬਤ ਹੁੰਦੇ ਹਨ।