ਰਾਜਪੁਰਾ ’ਚ ਐੱਨਆਰਆਈ ਰਾਹੀ ਨੇ ਸਿਲਾਈ ਮਸ਼ੀਨਾਂ ਵੰਡੀਆਂ
ਪਿੰਡ ਰਾਜਪੁਰਾ ’ਚ ਐੱਨਆਰਆਈ ਸੁੱਚਾ ਸਿੰਘ ਰਾਹੀ ਵੱਲੋਂ ਸਿਲਾਈ ਮਸ਼ੀਨਾਂ ਦੀ ਵੰਡ
Publish Date: Mon, 05 Jan 2026 06:36 PM (IST)
Updated Date: Tue, 06 Jan 2026 04:06 AM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪਿੰਡ ਰਾਜਪੁਰਾ ’ਚ ਉੱਘੇ ਸਮਾਜ ਸੇਵੀ ਐੱਨਆਰਆਈ ਸੁੱਚਾ ਸਿੰਘ ਰਾਹੀ ਵੱਲੋਂ ਸਿਲਾਈ ਕੇਂਦਰ ’ਚ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਛੇ ਮਹੀਨੇ ਪਹਿਲਾਂ ਆਪਣੇ ਖਰਚੇ ’ਤੇ ਸ਼ੁਰੂ ਕੀਤੇ ਇਸ ਕੇਂਦਰ ਦਾ ਮੰਤਵ ਲੜਕੀਆਂ ਨੂੰ ਕਿੱਤਾ-ਮੁਖੀ ਸਿੱਖਿਆ ਦੇ ਕੇ ਸਵੈ-ਰੁਜ਼ਗਾਰ ਯੋਗ ਬਣਾਉਣਾ ਹੈ। ਇਸ ਮੌਕੇ ਸਰਦਾਰ ਸੁੱਚਾ ਸਿੰਘ ਰਾਹੀ ਦਾ ਪ੍ਰੇਰਣਾਦਾਇਕ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ, ਜਿਸ ’ਚ ਉਨ੍ਹਾਂ ਨੇ ਪਿੰਡ ਵਾਸੀਆਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਪਿੰਡ ਦੀ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਨਗਰ ਨਿਵਾਸੀਆਂ ਵੱਲੋਂ ਇਸ ਨੇਕ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਲੈਕਚਰਾਰ ਪ੍ਰਦੀਪ ਸਿੰਘ ਰਾਜਪੁਰਾ ਵੱਲੋਂ ਉਨ੍ਹਾਂ ਦੀਆਂ ਅਕਾਦਮਿਕ ਤੇ ਪ੍ਰਸ਼ਾਸਨਿਕ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮਾਗਮ ’ਚ ਪਿੰਡ ਦੇ ਕਈ ਪਤਵੰਤੇ ਵਿਅਕਤੀ ਤੇ ਸਿਲਾਈ ਕੇਂਦਰ ਦੀਆਂ ਸਿਖਿਆਰਥਣਾਂ ਹਾਜ਼ਰ ਸਨ, ਜਿਨ੍ਹਾਂ ਵੱਲੋਂ ਸੁੱਚਾ ਸਿੰਘ ਰਾਹੀ ਦਾ ਸਤਿਕਾਰ ਕਰ ਕੇ ਧੰਨਵਾਦ ਕੀਤਾ ਗਿਆ।