ਨਹੀਂ ਸੁਲਝਿਆ ਮੰਦਰ ਰੋਡ ’ਤੇ ਗਾਰਡਰ ਲਾਉਣ ਦਾ ਵਿਵਾਦ
ਸ਼੍ਰੀ ਗੌਰੀ ਸ਼ੰਕਰ ਮੰਦਰ ਰੋਡ ’ਤੇ ਗਾਰਡਰ ਲਗਾਉਣ ਦਾ ਵਿਵਾਦ ਨਹੀਂ ਸੁਲਝਿਆ, ਦਸਤਖ਼ਤ ਮੁਹਿੰਮ ਰਾਹੀਂ ਸਮਰਥਨ ਇਕੱਠਾ ਕਰਨ ਦੀ ਤਿਆਰੀ
Publish Date: Thu, 19 Mar 2026 11:56 PM (IST)
Updated Date: Thu, 19 Mar 2026 11:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵੇਰਕਾ ਮਿਲਕ ਪਲਾਂਟ ਨਾਲ ਲੱਗਦੇ ਗੁਰੂ ਅਮਰਦਾਸ ਨਗਰ ਵਿਚ ਸ਼੍ਰੀ ਗੌਰੀ ਸ਼ੰਕਰ ਮੰਦਰ ਰੋਡ ਨੂੰ ਗਾਰਡਰ ਲਗਾ ਕੇ ਟ੍ਰੈਫਿਕ ਲਈ ਬੰਦ ਕਰਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਹਾਲੇ ਤੱਕ ਪੂਰੀ ਤਰ੍ਹਾਂ ਸੁਲਝ ਨਹੀਂ ਸਕਿਆ। ਗਾਰਡਰ ਲਾਉਣ ਵਾਲੀ ਗੁਰੂ ਅਮਰਦਾਸ ਨਗਰ ਵਸਨੀਕ ਸੁਸਾਇਟੀ ਤੇ ਇਸ ਦਾ ਵਿਰੋਧ ਕਰ ਰਹੀ ਸ਼੍ਰੀ ਗੌਰੀ ਸ਼ੰਕਰ ਮੰਦਰ ਕਮੇਟੀ, ਇਲਾਕੇ ਦੇ ਦੁਕਾਨਦਾਰਾਂ ਅਤੇ ਨਿਵਾਸੀਆਂ ਵਿਚਕਾਰ ਲੰਬੀ ਮੀਟਿੰਗ ਹੋਈ। ਲੰਬੇ ਵਿਚਾਰ-ਵਟਾਂਦਰੇ ਅਤੇ ਚਰਚਾ ਤੋਂ ਬਾਅਦ ਆਖ਼ਰਕਾਰ ਗੁਰੂ ਅਮਰਦਾਸ ਨਗਰ ਵਸਨੀਕ ਸੁਸਾਇਟੀ ਇਸ ਗੱਲ ’ਤੇ ਰਾਜ਼ੀ ਹੋਈ ਕਿ ਉਹ ਸੜਕ ’ਤੇ ਲਾਏ ਪੰਜ ਗਾਰਡਰਾਂ ਵਿੱਚੋਂ ਦੋ ਗਾਰਡਰ ਹਟਾਏਗੀ। ਉੱਥੇ ਹੀ ਮੰਦਰ ਕਮੇਟੀ ਅਤੇ ਦੁਕਾਨਦਾਰ ਤਿੰਨ ਗਾਰਡਰ ਹਟਾਉਣ ਦੀ ਮੰਗ ਕਰ ਰਹੇ ਹਨ, ਜਿਸ ਕਾਰਨ ਸਹਿਮਤੀ ਨਹੀਂ ਬਣ ਸਕੀ। ਰਾਤ ਕਰੀਬ 9:30 ਵਜੇ ਮੀਟਿੰਗ ਖ਼ਤਮ ਹੋਈ ਤਾਂ ਦੋ ਜਾਂ ਤਿੰਨ ਗਾਰਡਰ ਹਟਾਉਣ ਦੇ ਮਾਮਲੇ ’ਤੇ ਗੱਲ ਲਟਕ ਗਈ।
ਰੋਡ ਬਲਾਕ ਕਰਨ ਦਾ ਵਿਰੋਧ ਕਰ ਰਹੇ ਦੁਕਾਨਦਾਰਾਂ, ਇਲਾਕਾ ਨਿਵਾਸੀਆਂ ਅਤੇ ਮੰਦਰ ਕਮੇਟੀ ਨੇ ਕਿਹਾ ਹੈ ਕਿ ਜੇਕਰ ਕੱਲ੍ਹ ਦੁਪਹਿਰ ਤੱਕ ਤਿੰਨ ਗਾਰਡਰ ਨਹੀਂ ਹਟਾਏ ਗਏ ਤਾਂ ਉਹ ਪੂਰੇ ਇਲਾਕੇ ਵਿੱਚ ਦਸਤਖ਼ਤ ਮੁਹਿੰਮ ਚਲਾ ਕੇ ਸਮਰਥਨ ਇਕੱਠਾ ਕਰਨਗੇ। ਇਸ ਦੀ ਸ਼ੁਰੂਆਤ ਮੀਟਿੰਗ ਦੌਰਾਨ ਹੀ ਕਰ ਦਿੱਤੀ ਗਈ ਅਤੇ ਕਰੀਬ 40 ਤੋਂ 50 ਲੋਕਾਂ ਦੇ ਦਸਤਖ਼ਤ ਲਏ ਗਏ ਹਨ ਜੋ ਗਾਰਡਰ ਹਟਾਉਣ ਦੇ ਹੱਕ ਵਿਚ ਹਨ। ਮੰਦਰ ਕਮੇਟੀ ਦੇ ਪ੍ਰਧਾਨ ਜਤਿੰਦਰ ਮਹਾਜਨ ਨੇ ਕਿਹਾ ਕਿ ਪੂਰੀ ਕਾਲੋਨੀ ਵਿੱਚ ਦੁਕਾਨਦਾਰਾਂ ਅਤੇ ਨਿਵਾਸੀਆਂ ਤੋਂ ਸਮਰਥਨ ਲਿਆ ਜਾਵੇਗਾ ਅਤੇ ਇਸ ਸੜਕ ਨੂੰ ਖੁੱਲ੍ਹਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੜਕ ਬੰਦ ਕਰਨ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਮੰਦਰ ਤੋਂ ਸ਼ੋਭਾ ਯਾਤਰਾ ਅਤੇ ਪਾਲਕੀ ਯਾਤਰਾ ਵੀ ਕੱਢਣਾ ਮੁਸ਼ਕਲ ਹੋ ਗਿਆ ਹੈ। ਦੱਸਣਯੋਗ ਹੈ ਕਿ ਗੁਰੂ ਅਮਰਦਾਸ ਨਗਰ ਵਸਨੀਕ ਸੋਸਾਇਟੀ ਨੇ ਮੰਗਲਵਾਰ ਨੂੰ ਹਾਈਵੇ ਨਾਲ ਜੁੜੀ ਕਾਲੋਨੀ ਦੀ ਸੜਕ ਨੂੰ ਮੰਦਰ ਦੇ ਕੋਲ ਗਾਰਡਰ ਲਗਾ ਕੇ ਭਾਰੀ ਵਾਹਨਾਂ ਲਈ ਬੰਦ ਕਰ ਦਿੱਤਾ ਸੀ। ਇਹ ਗਾਰਡਰ ਇੰਨੇ ਨੇੜੇ-ਨੇੜੇ ਲਗਾਏ ਗਏ ਹਨ ਕਿ ਇਸ ਨਾਲ ਹਾਦਸੇ ਦਾ ਖਤਰਾ ਵੀ ਬਣ ਗਿਆ ਹੈ ਅਤੇ ਦੋ ਪਹੀਆ ਵਾਹਨ ਵੀ ਮੁਸ਼ਕਲ ਨਾਲ ਨਿਕਲ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਪੂਰਾ ਇਲਾਕਾ ਦੋ ਹਿੱਸਿਆਂ ਵਿੱਚ ਵੰਡ ਗਿਆ ਹੈ। ਵੱਡੀ ਗਿਣਤੀ ਵਿੱਚ ਦੁਕਾਨਦਾਰ, ਨਿਵਾਸੀ ਅਤੇ ਮੰਦਰ ਕਮੇਟੀ ਦੇ ਮੈਂਬਰ ਰਸਤਾ ਖੋਲ੍ਹਣ ਦੀ ਮੰਗ ਕਰ ਰਹੇ ਹਨ। ਬੁੱਧਵਾਰ ਨੂੰ ਨਗਰ ਨਿਗਮ ਦੀ ਟੀਮ ਗਾਰਡਰ ਹਟਾਉਣ ਗਈ ਸੀ ਪਰ ਲੋਕਾਂ ਦੇ ਵਿਰੋਧ ਕਾਰਨ ਵਾਪਸ ਮੁੜਨਾ ਪਿਆ।