ਗੋਲਡ ਮੈਡਲ ਜਿੱਤਣ ’ਤੇ ਰੰਧਾਵਾ ਸਨਮਾਨਿਤ
ਦਿਸ਼ਾਦੀਪ ਐੱਨਜੀਓ ਦਿਵਿਆਂਗ ਰਜਿੰਦਰ ਰੰਧਾਵਾ ਨੇ ਪੰਜਾਬ ਸਟੇਟ ਪੈਰਾ ਓਲੰਪਿਕਸ ’ਚ ਜਿੱਤੇ ਗੋਲਡ ਮੈਡਲ
Publish Date: Fri, 20 Feb 2026 10:02 PM (IST)
Updated Date: Fri, 20 Feb 2026 10:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਟੇਟ ਪੰਜਵੀਆਂ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਖੇਡਾਂ ’ਚ ਜਲੰਧਰ ਨਿਵਾਸੀ ਰਜਿੰਦਰ ਰੰਧਾਵਾ ਜੋ ਕਿ ਬਹੁਮੰਤਵੀ ਸਮਾਜ ਸੇਵੀ ਸੰਸਥਾ ਦਿਸ਼ਾਦੀਪ ਦੇ ਦਿਵਿਆਂਗ ਸੈੱਲ ਦੇ ਚੇਅਰਮੈਨ ਤੇ ਹੋਰ ਦਿਵਿਆਂਗ ਸੰਸਥਾਵਾਂ ਦੇ ਮੈਂਬਰ ਤੇ ਮੁਖੀ ਹਨ ਨੇ, ਇਤਿਹਾਸ ਸਿਰਜਦਿਆਂ 2 ਜੈਵਲਿਨ ਤੇ ਸ਼ਾਟਪੁੱਟ ’ਚ ਗੋਲਡ ਮੈਡਲ ਜਿੱਤ ਕੇ ਪੰਜਾਬ ਤੇ ਜਲੰਧਰ ਵਾਸੀਆਂ ਦਾ ਮਾਣ ਵਧਾਇਆ ਹੈ, ਨੂੰ ਅੱਜ ਦਿਸ਼ਾਦੀਪ ਵੱਲੋਂ ਫੁੱਲਾਂ ਦੇ ਹਾਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਲਾਇਨ ਐੱਸਐੱਮ ਸਿੰਘ ਸੰਸਥਾਪਕ ਤੇ ਚੀਫ਼, ਸਰਬਜੀਤ ਕੌਰ ਚੇਅਰਮੈਨ ਇਸਤਰੀ ਪ੍ਰਧਾਨ ਦਿਸ਼ਾਦੀਪ, ਗੁਰਮੀਤ ਪਾਲ ਵੈਦ ਸਵਰਨ ਦਾਸ ਤੇ ਹਰਭਜਨ ਲਾਲ ਵੱਲੋਂ ਸਨਮਾਨਿਤ ਕੀਤਾ ਗਿਆ। ਰਜਿੰਦਰ ਰੰਧਾਵਾ ਨੇ ਆਪਣੇ ਮੈਡਲ ਮਾਣ ਵੱਜੋਂ ਲਾਇਨ ਨੂੰ ਸੌਂਪੇ। ਇਸ ਮੌਕੇ ਲਾਇਨ ਨੇ ਕਿਹਾ ਕਿ ਦਿਵਿਆਂਗ ਸਮਾਜ ਦੇ ਤੰਦਰੁਸਤ ਸਮਾਜ ਨਾਲੋਂ ਵੱਧ ਮਜ਼ਬੂਤ, ਮਿਹਨਤੀ ਤੇ ਸਕਾਰਾਤਮਕ ਹਨ ਤੇ ਕੁਦਰਤ ਵੱਲੋਂ ਆਪਣੇ ਨਾਲ ਅਣਮਨੁੱਖੀ ਕੀਤੇ ਵਤੀਰੇ ਦੇ ਬਾਵਜੂਦ ਸਮਾਜ ਦੇ ਮਜ਼ਬੂਤ ਅੰਗ ਨਾਲ ਨਾ ਸਿਰਫ਼ ਜੁੜੇ ਹਨ, ਬਲਕਿ ਉਨ੍ਹਾ ਦੇ ਮੁਕਾਬਲਤਨ ਵਧੇਰੇ ਮੱਲਾਂ ਮਾਰੀਆਂ ਹਨ। ਰੰਧਾਵਾ ਨੇ ਦੱਸਿਆ ਕਿ ਹੁਣ ਉਹ ਕੌਮੀ ਖੇਡਾਂ ’ਚ ਪੰਜਾਬ ਦੀ ਅਗਵਾਈ ਕਰਨਗੇ ਤੇ ਪੰਜਾਬ ਲਈ ਮੈਡਲ ਜਿੱਤਣ ਲਈ ਜੀਅ ਜਾਨ ਲਾ ਕੇ ਹੋਰ ਮਿਹਨਤ ਕਰਨਗੇ।