ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਸਬੰਧੀ ਵਿਚਾਰ-ਚਰਚਾ 27 ਨੂੰ : ਕਮੇਟੀ
ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਸਬੰਧੀ 27 ਨੂੰ ਵਿਚਾਰ ਚਰਚਾ -ਕਮੇਟੀ
Publish Date: Wed, 25 Feb 2026 07:16 PM (IST)
Updated Date: Wed, 25 Feb 2026 07:19 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ (1926-2026) ਸਾਲ ਭਰ ਵੱਖ-ਵੱਖ ਰੂਪਾਂ ’ਚ ਮਨਾਉਣ ਤੇ ਪਹਿਲੀ ਨਵੰਬਰ 2026 ਮੇਲਾ ਗ਼ਦਰੀ ਬਾਬਿਆਂ ਦਾ ਮੌਕੇ ਸਿਖ਼ਰਾਂ ਤੇ ਪਹੁੰਚਾਉਣ ਲਈ 27 ਫਰਵਰੀ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਤੋਂ ਸ਼ੁਰੂ ਕੀਤੀ ਜਾ ਰਹੀ ਮੁਹਿੰਮ ਮੌਕੇ ਵਿਚਾਰ-ਚਰਚਾ ਦੀਆਂ ਤਿਆਰੀਆਂ ਦਾ ਅੱਜ ਜਾਇਜ਼ਾ ਲਿਆ ਗਿਆ। ਜ਼ਿਕਰਯੋਗ ਹੈ ਕਿ ਇਸ ਦਿਨ ਕਮੇਟੀ ਮੈਂਬਰ ਸੁਵਰਨ ਸਿੰਘ ਵਿਰਕ, ਬੱਬਰ ਅਕਾਲੀ ਲਹਿਰ ਦੀ ਇਤਿਹਾਸਕ ਪ੍ਰਸੰਗਕਤਾ , ਡਾ. ਪਰਮਿੰਦਰ ਫਾਸ਼ੀ ਹੱਲੇ ਦੀਆਂ ਚੁਣੌਤੀਆਂ ਤੇ ਸਾਡੀ ਭੂਮਿਕਾ ਵਿਸ਼ਿਆਂ ਤੇ ਕੁੰਜੀਵਤ ਭਾਸ਼ਣ ਦੇਣਗੇ। ਇਸ ਮੌਕੇ ਬੱਬਰ ਅਕਾਲੀ ਲਹਿਰ ਦੇ ਪਿੰਡਾਂ, ਪਰਿਵਾਰਾਂ ਦੇ ਹਾਜ਼ਰ ਨੁਮਾਇੰਦਿਆਂ ਦਾ ਕਮੇਟੀ ਵੱਲੋਂ ਸਨਮਾਨ ਕਰਦੇ ਹੋਏ ਮੁਹਿੰਮ ਦਾ ਆਗਾਜ਼ ਕੀਤਾ ਜਾਏਗਾ। ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਬੋਰਡ ਆਫ਼ ਟਰੱਸਟ, ਜਨਰਲ ਬਾਡੀ ਤੇ ਸਭਿਆਚਾਰਕ ਵਿੰਗ ’ਚ ਵਿਚਾਰ-ਚਰਚਾ ਕਰਕੇ ਲਏ ਫੈਸਲੇ ਮੁਤਾਬਕ 27 ਫਰਵਰੀ ਦੀ ਪ੍ਰਤੀਨਿਧ ਵਿਚਾਰ-ਚਰਚਾ ’ਚ ਸ਼ਮੂਲੀਅਤ ਲਈ ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ ਤੇ ਕਮੇਟੀ ਮੈਂਬਰ ਡਾ. ਸੈਲੇਸ਼ ਨੇ ਚੱਕ ਕਲਾਂ, ਬਿਣਗਾਂ, ਕੌਲਗੜ੍ਹ, ਦੌਲਤਪੁਰ, ਝਿੰਗੜਾਂ, ਮਢਾਲੀ, ਪਤਾਰਾ, ਪੰਡੋਰੀ ਨਿੱਝਰਾਂ, ਘੁੜਿਆਲ, ਮੰਡੇਰ ਆਦਿ ਪਿੰਡਾਂ ਤੱਕ ਹਰ ਸੰਭਵ ਢੰਗ ਨਾਲ ਸੰਪਰਕ ਕੀਤਾ ਤੇ ਵਿਚਾਰਾਂ ਹੋਈਆਂ। ਇਉਂ ਹੀ ਕਮੇਟੀ ਮੈਂਬਰ ਵਿਜੈ ਬੰਬੇਲੀ ਨੇ ਬਾਹੋਵਾਲ, ਕੋਟ ਫਤੂਹੀ, ਜੱਸੋਵਾਲ, ਸਾਹਦਰਾ, ਲੰਗੇਰੀ, ਧੁੱਗਾ, ਪੰਡੋਰੀ ਮੰਗਾ ਸਿੰਘ, ਨੰਗਲ ਕਲਾਂ, ਰੱਕੜ ਬੇਟ, ਫਤਿਹਪੁਰ ਕੋਠੀਆਂ ਤੇ ਮਾਹਿਲਪੁਰ ਕਾਲਜ ਸੰਪਰਕ ਕਰਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਸ਼ਤਾਬਦੀ ਮੁਹਿੰਮ ਤੇ 27 ਫਰਵਰੀ ਦੇ ਸਮਾਗਮ ਦੀ ਮਹੱਤਤਾ ਬਾਰੇ ਦੱਸਿਆ। ਕਮੇਟੀ ਦੇ ਪਰਿਵਾਰ ਨਾਲ ਜੁੜੇ ਸੀਤਾ ਰਾਮ ਬਾਂਸਲ ਨੇ ਦੱਸਿਆ ਕਿ ਉਹ ਦੋਆਬਾ ਖੇਤਰ ਤੇ ਪਰਦੇਸ ਵਸਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਸ਼ਤਾਬਦੀ ਮੁਹਿੰਮ ਦੀ ਸਫ਼ਲਤਾ ਲਈ ਤਾਂ ਕਮਰਕੱਸੇ ਕਸਕੇ ਲੱਗੇ ਹੀ ਹੋਏ ਹਨ ਇਸ ਤੋਂ ਵੀ ਵੱਡਮੁੱਲੀ ਗੱਲ ਇਹ ਹੈ ਕਿ ਉਹ ਬੱਬਰ ਅਕਾਲੀ ਲਹਿਰ ਦੇ ਅਣਫ਼ੋਲੇ ਵਰਕੇ ਵੀ ਖੋਜਦੇ ਹੋਏ ਇਸ ਲਹਿਰ ਦੇ ਅਣਛੋਹੇ ਪੱਖ ਸਾਹਮਣੇ ਲਿਆਉਣ ਲਈ ਵੀ ਯਤਨਸ਼ੀਲ ਹਨ। ਤਿਆਰੀ ਮੁਹਿੰਮ ਸਬੰਧੀ ਜਾਇਜ਼ਾ ਲੈਣ ਸਮੇਂ ਸਹਾਇਕ ਸਕੱਤਰ ਪ੍ਰੋ. ਗੋਪਾਲ ਬੁੱਟਰ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ ਤੇ ਡਾ. ਸੈਲੇਸ਼ ਮੌਜੂਦ ਸਨ। ਆਪੋ ਆਪਣੇ ਖੇਤਰਾਂ ’ਚ ਸਮੂਹ ਕਮੇਟੀ ਮੈਂਬਰ 27 ਫਰਵਰੀ ਸਮਾਗਮ ਤੇ ਮੁਹਿੰਮ ਲਈ ਵਿਸ਼ੇਸ਼ ਯਤਨ ਜੁਟਾ ਰਹੇ ਹਨ। ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ ਤੇ ਬੱਬਰ ਦੇਸ਼ ਭਗਤਾਂ ਦੇ ਵਾਰਸ, ਵਿਦਵਾਨਾਂ, ਲੇਖਕਾਂ ਤੇ ਕਾਮਿਆਂ ਨੂੰ ਸਮਾਗਮ ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।