ਬੇਤਰਤੀਬੀਆਂ ਤਾਰਾਂ ਕਾਰਨ ਜੰਝ ਘਰ-ਮੰਦਰ ’ਚ ਮੰਡਰਾ ਰਿਹੈ ਖ਼ਤਰਾ
ਭੋਗਪੁਰ ਦੇ ਜੰਝ ਘਰ–ਮੰਦਰ ’ਚ ਜਰਜਰ ਬਿਜਲੀ ਤਾਰਾਂ ਬਣੀਆਂ ਖਤਰਾ, ਹਾਦਸੇ ਦੀ ਆਸ਼ੰਕਾ
Publish Date: Fri, 10 Apr 2026 10:21 PM (IST)
Updated Date: Fri, 10 Apr 2026 10:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਦੇ ਜੰਝ ਘਰ ਕੰਪਲੈਕਸ ’ਚ ਲੱਗੇ ਬਿਜਲੀ ਟਰਾਂਸਫਾਰਮਰ ਨੇੜੇ ਸਥਿਤ ਮੰਦਰ ਦੇ ਆਸ-ਪਾਸ ਲੱਗੀਆਂ ਥ੍ਰੀ-ਫੇਜ਼ ਬਿਜਲੀ ਤਾਰਾਂ ਬਹੁਤ ਹੀ ਖ਼ਰਾਬ ਹਾਲਤ ’ਚ ਹਨ, ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰਨ ਦਾ ਖਤਰਾ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਾਰਾਂ ਲੰਬੇ ਸਮੇਂ ਤੋਂ ਮਾੜੀ ਹਾਲਤ ’ਚ ਹਨ ਪਰ ਅਜੇ ਤੱਕ ਇਨ੍ਹਾਂ ਨੂੰ ਬਦਲਿਆ ਨਹੀਂ ਗਿਆ। ਸਥਿਤੀ ਇਹ ਹੈ ਕਿ ਇਨ੍ਹਾਂ ਤਾਰਾਂ ਨੂੰ ਆਰਜ਼ੀ ਤੌਰ ’ਤੇ ਲੱਕੜਾਂ ਦੇ ਸਹਾਰੇ ਟਿਕਾ ਕੇ ਰੱਖਿਆ ਗਿਆ ਹੈ, ਜੋ ਸੁਰੱਖਿਆ ਦੇ ਨਜ਼ਰੀਏ ਤੋਂ ਹੋਰ ਵੀ ਖਤਰਨਾਕ ਹੈ। ਜੰਝ ਘਰ ’ਚ ਵਿਆਹ ਸਮਾਗਮ ਤੇ ਹੋਰ ਸਮਾਜਿਕ ਪ੍ਰੋਗਰਾਮ ਲਗਾਤਾਰ ਹੁੰਦੇ ਰਹਿੰਦੇ ਹਨ, ਜਦਕਿ ਨਾਲ ਲੱਗੇ ਮੰਦਰ ’ਚ ਰੋਜ਼ਾਨਾ ਧਾਰਮਿਕ ਗਤੀਵਿਧੀਆਂ ਚੱਲਦੀਆਂ ਹਨ। ਇਸ ਕਾਰਨ ਇੱਥੇ ਲੋਕਾਂ ਦੀ ਆਵਾਜਾਈ ਲਗਾਤਾਰ ਰਹਿੰਦੀ ਹੈ ਤੇ ਤਾਰਾਂ ਕਿਸੇ ਵੀ ਅਣਹੋਣੀ ਦਾ ਕਾਰਨ ਬਣ ਸਕਦੀਆਂ ਹਨ। ਸਥਾਨਕ ਵਾਸੀਆਂ ਨੇ ਕਈ ਵਾਰ ਬਿਜਲੀ ਵਿਭਾਗ ਨੂੰ ਇਸ ਸਮੱਸਿਆ ਤੋਂ ਸੂਚਿਤ ਕੀਤਾ ਹੈ ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਲੋਕਾਂ ’ਚ ਡਰ ਹੈ ਕਿ ਜੇ ਸਮੇਂ ਸਿਰ ਤਾਰਾਂ ਨਾ ਬਦਲੀਆਂ ਗਈਆਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਪਾਵਰਕਾਮ ਦੇ ਐਕਸੀਅਨ ਜਸਵੰਤ ਸਿੰਘ ਪਾਬਲਾ ਨੇ ਕਿਹਾ ਕਿ ਸਰਕਾਰ ਵੱਲੋਂ ਦੋ ਕਰੋੜ ਰੁਪਏ ਤੋਂ ਵੱਧ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਤੇ ਵੱਖ-ਵੱਖ ਇਲਾਕਿਆਂ ’ਚ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਦਾਲਾ ਜੱਟਾ ਤੇ ਟਾਂਡਾ ਇਲਾਕੇ ’ਚ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਤੇ ਭੋਗਪੁਰ ’ਚ ਵੀ ਹੌਲੀ-ਹੌਲੀ ਸਾਰੇ ਕੰਮ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੰਝ ਘਰ-ਮੰਦਰ ਵਾਲੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਜੇਕਰ ਤੁਰੰਤ ਕਾਰਵਾਈ ਦੀ ਲੋੜ ਹੋਈ ਤਾਂ ਇਸ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਠੇਕੇਦਾਰ ਨੂੰ ਕਹਿ ਕੇ ਜਲਦੀ ਹੀ ਤਾਰਾਂ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਸ਼ਹਿਰ ਦੀਆਂ ਕਈ ਗਲੀਆਂ ਤੇ ਮੁਹੱਲਿਆਂ ’ਚ ਅਜੇ ਵੀ ਪੁਰਾਣੀਆਂ ਤੇ ਤਾਰਾਂ ਦੇ ਗੁੱਛੇ ਲਟਕ ਰਹੇ ਹਨ, ਜੋ ਸੁਰੱਖਿਆ ਲਈ ਵੱਡਾ ਖਤਰਾ ਬਣੇ ਹੋਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਵੱਲੋਂ ਵੱਡੀ ਗਰਾਂਟ ਜਾਰੀ ਕੀਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਅਜਿਹੀਆਂ ਸੰਵੇਦਨਸ਼ੀਲ ਥਾਵਾਂ ’ਤੇ ਧਿਆਨ ਦੇਣਾ ਜ਼ਰੂਰੀ ਹੈ।