ਸਟੇਸ਼ਨਾਂ ’ਤੇ ਡਿਜੀਟਲ ਟਿਕਟਿੰਗ ਜਾਗਰੂਕਤਾ ਅਭਿਆਨ ਚਲਾਇਆ
ਸਟੇਸ਼ਨਾਂ ’ਤੇ ਡਿਜ਼ੀਟਲ ਟਿਕਟਿੰਗ ਜਾਗਰੂਕਤਾ ਅਭਿਆਨ ਚਲਾਇਆ
Publish Date: Mon, 13 Apr 2026 08:14 PM (IST)
Updated Date: Mon, 13 Apr 2026 08:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫਿਰੋਜ਼ਪੁਰ ਮੰਡਲ ਵੱਲੋਂ ਰੇਲ ਯਾਤਰੀਆਂ ਨੂੰ ਡਿਜੀਟਲ ਟਿਕਟਿੰਗ ਬਾਰੇ ਜਾਗਰੂਕ ਕਰਨ ਤੇ ਰੇਲਵਨ ਦੇ ਵੱਧ ਤੋਂ ਵੱਧ ਇਸਤੇਮਾਲ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਅਭਿਆਨ ਚਲਾਇਆ ਗਿਆ ਹੈ, ਜੋ 26 ਅਪ੍ਰੈਲ ਤੱਕ ਚਲਾਇਆ ਜਾ ਰਿਹਾ ਹੈ। ਇਹ ਫਿਰੋਜ਼ਪੁਰ ਮੰਡਲ ਦੇ ਮੁੱਖ ਸਟੇਸ਼ਨਾਂ ਜਲੰਧਰ ਸਿਟੀ, ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ ਕੈਂਟ ਤੇ ਬਿਆਸ ’ਤੇ ਕਰਵਾਇਆ ਜਾ ਰਿਹਾ ਹੈ। ਅਭਿਆਨ ਤਹਿਤ ਹਰ ਰੋਜ਼ ਵੱਖ-ਵੱਖ ਜਨ-ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਵੇਂ ਕਿ ਡੈਮੋ ਬੂਥ, ਟਿਕਟ ਚੈਕਿੰਗ ਸਟਾਫ ਤੇ ਖਿਡਾਰੀਆਂ ਦੇ ਜ਼ਰੀਏ ਜਾਣਕਾਰੀ, ਨੁੱਕੜ ਨਾਟਕ, ਰੈਲੀਆਂ, ਪੈਦਲ ਯਾਤਰਾ, ਸੈਲਫੀ ਪੁਆਇੰਟ, ਡਿਸਪਲੇ, ਐਲਾਨ ਤੇ ਮਹਿਲਾ ਜਾਗਰੂਕਤਾ ਪ੍ਰੋਗਰਾਮ ਆਦਿ ਸ਼ਾਮਲ ਹਨ। ਰੇਲ ਯਾਤਰੀਆਂ ਨੂੰ ਡਿਜੀਟਲ ਜ਼ਰੀਏ ਖ਼ਾਸ ਕਰਕੇ ਰੇਲਵਨ ਰਾਹੀਂ ਟਿਕਟ ਬੁਕਿੰਗ, ਕੈਸ਼ਲੈੱਸ ਭੁਗਤਾਨ ਤੇ ਪੇਪਰਲੈੱਸ ਯਾਤਰਾ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਟਿਕਟ ਚੈਕਿੰਗ ਸਟਾਫ, ਵਪਾਰਕ ਕਰਮਚਾਰੀ, ਸਕਾਊਟਸ ਤੇ ਗਾਈਡਸ, ਸੱਭਿਆਚਾਰਕ ਟੀਮਾਂ ਤੇ ਮਹਿਲਾ ਸਟਾਫ ਸਰਗਰਮ ਭਾਗੀਦਾਰੀ ਨਿਭਾ ਰਹੇ ਹਨ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਅਭਿਆਨ ਡਿਜੀਟਲ ਇੰਡੀਆ ਮੁਹਿੰਮ ਨੂੰ ਮਜ਼ਬੂਤ ਕਰਨਗੇ।