ਡਿਜੀਟਲ ਪੀਪਲ ਐਸੋਸੀਏਸ਼ਨ ਨੇ ਲਾਇਆ ਮੈਗਾ ਕੈਂਪ
ਡਿਜੀਟਲ ਪੀਪਲ ਐਸੋਸੀਏਸ਼ਨ ਵੱਲੋਂ ਲਗਾਇਆ ਵਿਸ਼ਾਲ ਮੈਗਾ ਕੈਂਪ
Publish Date: Mon, 20 Apr 2026 08:57 PM (IST)
Updated Date: Mon, 20 Apr 2026 09:00 PM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਮਾਨਵਤਾ ਦੀ ਭਲਾਈ ਤੇ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਡਿਜੀਟਲ ਪੀਪਲ ਐਸੋਸੀਏਸ਼ਨ (ਡੀਪੀਏ) ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਿੰਘ ਸਭਾ (ਸੜਕ ਵਾਲਾ), ਜਮਸ਼ੇਰ ’ਚ ਮੈਗਾ ਕੈਂਪ ਲਾਇਆ ਗਿਆ। ਇਹ ਕੈਂਪ ਪਿੰਡ ਜਮਸ਼ੇਰ ਦੇ ਸਰਪੰਚ ਦੇ ਵਿਸ਼ੇਸ਼ ਸਹਿਯੋਗ ਤੇ ਜਮਸ਼ੇਰ ਹੈਲਥ ਟੀਮ ਦੀ ਅਗਵਾਈ ਹੇਠ ਸਵੇਰੇ 9:30 ਤੋਂ ਦੁਪਹਿਰ 2:00 ਵਜੇ ਤੱਕ ਸਫਲਤਾਪੂਰਵਕ ਨੇਪਰੇ ਚੜ੍ਹਿਆ। ਕੈਂਪ ਦੌਰਾਨ ਪੰਜਾਬ ਸਰਕਾਰ ਦੀ ਯੋਜਨਾ ਤਹਿਤ 10 ਲੱਖ ਰੁਪਏ ਵਾਲੇ ਵੱਡੀ ਗਿਣਤੀ ’ਚ ਸਿਹਤ ਕਾਰਡ ਮੁਫ਼ਤ ਬਣਾਏ ਗਏ। ਡੀਪੀਏ ਪੰਜਾਬ ਦੇ ਪ੍ਰਧਾਨ ਕੁਲਪ੍ਰੀਤ ਸਿੰਘ ਏਕਮ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਸਰਕਾਰੀ ਸਹੂਲਤਾਂ ਨੂੰ ਆਮ ਲੋਕਾਂ ਦੇ ਘਰ-ਘਰ ਤੱਕ ਪਹੁੰਚਾਉਣਾ ਹੈ। ਕੈਂਪ ’ਚ ਵਿਸ਼ੇਸ਼ ਤੌਰ ਤੇ ਪਹੁੰਚੇ ਰਾਜਵਿੰਦਰ ਕੌਰ ਥਿਆੜਾ (ਕੈਂਟ ਹਲਕਾ ਇੰਚਾਰਜ) ਨੇ ਐਸੋਸੀਏਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਦੀ ਮੌਜੂਦਾ ਸਮੇਂ ’ਚ ਬਹੁਤ ਲੋੜ ਹੈ। ਡੀਐੱਮਸੀ ਤੋਂ ਆਏ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਨ ਨਾਲ ਆਮ ਲੋਕਾਂ ਨੂੰ ਇਲਾਜ ਦੌਰਾਨ ਬਹੁਤ ਵੱਡੀ ਵਿੱਤੀ ਸਹਾਇਤਾ ਮਿਲ ਰਹੀ ਹੈ। ਸਰਪੰਚ ਗੁਰਵਿੰਦਰ ਸਿੰਘ ਨੇ ਇਸ ਮੌਕੇ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਦੀ ਸਹੂਲਤ ਲਈ ਭਵਿੱਖ ’ਚ ਵੀ ਅਜਿਹੇ ਲੋਕ ਭਲਾਈ ਦੇ ਕੰਮ ਜਾਰੀ ਰਹਿਣਗੇ ਤੇ ਪਿੰਡ ’ਚ ਹੋਰ ਵੀ ਨਵੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ, ਸਿਹਤ ਵਿਭਾਗ ਦੀ ਟੀਮ ਤੇ ਪਿੰਡ ਦੇ ਪਤਵੰਤੇ ਸੱਜਣ ਵੱਡੀ ਗਿਣਤੀ ’ਚ ਹਾਜ਼ਰ ਸਨ।