ਗੁਰੂ ਸਾਹਿਬ ਦਾ ਇਤਿਹਾਸ ਸੁਣਾ ਕੇ ਢਾਡੀ ਜਥਿਆਂ ਨੇ ਸੰਗਤ ਨੂੰ ਕੀਤਾ ਨਿਹਾਲ
ਗੁਰੂ ਸਾਹਿਬਾਂ ਦਾ ਇਤਿਹਾਸ ਸੁਣਾ ਕੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਕੀਤਾ ਨਿਹਾਲ
Publish Date: Sun, 18 Jan 2026 06:57 PM (IST)
Updated Date: Mon, 19 Jan 2026 04:15 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਪਿੰਡ ਕਟਾਣਾ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਪਿੰਡ ਦੀਆਂ ਗਲੀਆਂ ਤੇ ਮੁੱਖ ਸੜਕਾਂ ’ਚੋਂ ਲੰਘਣ ਸਮੇਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ। ਰਾਗੀ ਤੇ ਢਾਡੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਤੇ ਗੁਰੂ ਸਾਹਿਬਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਸੰਗਤ ਲਈ ਚਾਹ, ਬਿਸਕੁਟ ਤੇ ਫਲਾਂ ਦਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਅਮਰਜੀਤ ਸਿੰਘ ਕਟਾਣਾ ਨੇ ਦੇਸ਼-ਵਿਦੇਸ਼ ’ਚ ਵਸਦੀ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਅੱਜ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਗੁਰੂ ਸਾਹਿਬਾਂ ਦੇ ਉਪਦੇਸ਼ਾਂ ’ਤੇ ਚੱਲਦਿਆਂ ਸਮਾਜ ਸੇਵਾ ਨੂੰ ਆਪਣਾ ਜੀਵਨ ਮਕਸਦ ਬਣਾਈਏ। ਇਸ ਮੌਕੇ ਦਾਨੀ ਸੱਜਣਾਂ ਤੇ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਮਨਜੀਤ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ, ਸੁਖਦੇਵ ਸਿੰਘ, ਗ੍ਰਾਮ ਪੰਚਾਇਤ ਦੇ ਮੈਂਬਰ ਤੇ ਸਮੂਹ ਨਗਰ ਦੀਆਂ ਸੰਗਤਾਂ ਵੱਡੀ ਗਿਣਤੀ ’ਚ ਸ਼ਾਮਲ ਹੋਈਆਂ।