ਡੀਐੱਫਐੱਸਸੀ ਨੇ ਮਲਸੀਆਂ ਮੰਡੀ ‘ਚ ਲਿਆ ਖਰੀਦ ਪ੍ਰਬੰਧਾਂ ਦਾ ਜਾਇਜਾ
ਡੀਐੱਫਐੱਸਸੀ ਨੇ ਮਲਸੀਆਂ ਮੰਡੀ ‘ਚ ਲਿਆ ਖਰੀਦ ਪ੍ਰਬੰਧਾਂ ਦਾ ਜਾਇਜਾ
Publish Date: Thu, 16 Apr 2026 08:41 PM (IST)
Updated Date: Thu, 16 Apr 2026 08:45 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਨਰਿੰਦਰਪਾਲ ਸਿੰਘ ਵੱਲੋਂ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀ ਮਲਸੀਆਂ ਮੰਡੀ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਮੰਡੀ ਵਿਚ ਕਣਕ ਦੀ ਸਰਕਾਰੀ ਖਰੀਦ ਦੀ ਬਕਾਇਦਾ ਸ਼ੁਰੂਆਤ ਕਰਵਾਈ ਗਈ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕੋਈ ਦਿੱਕਤ ਨਾ ਆਵੇ। ਖਰੀਦ ਦੀ ਸ਼ੁਰੂਆਤ ਦੌਰਾਨ ਐੱਚ.ਜੇ ਟਰੇਡਿੰਗ ਦੀ ਆੜ੍ਹਤ ’ਤੇ ਪਿੰਡ ਮਹਿਮੂਵਾਲ ਯੂਸਫਪੁਰ ਦੇ ਕਿਸਾਨ ਸੁਖਦੇਵ ਸਿੰਘ ਵੱਲੋਂ ਲਿਆਂਦੀ ਗਈ ਕਣਕ ਦੀ ਢੇਰੀ ਦੀ ਬੋਲੀ ਲਗਵਾਈ ਗਈ, ਜਿਸ ਨੂੰ ਖਰੀਦ ਏਜੰਸੀ ਪਨਗ੍ਰੇਨ ਦੇ ਇੰਸਪੈਕਟਰ ਬਲਕਾਰ ਸਿੰਘ ਤੇ ਇੰਸਪੈਕਟਰ ਪ੍ਰਦੀਪ ਕੁਮਾਰ ਵੱਲੋਂ ਖਰੀਦਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਡੀਐੱਫਐੱਸਸੀ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਪੁਖ਼ਤਾ ਅਤੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਫ਼ਸਲ ਦੀ ਅਦਾਇਗੀ ਵੀ ਤੈਅ ਸਮੇਂ ਦੇ ਅੰਦਰ-ਅੰਦਰ ਯਕੀਨੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਪੂਰੀ ਤਰ੍ਹਾਂ ਸੁੱਕੀ ਕਣਕ ਹੀ ਲੈ ਕੇ ਆਉਣ ਤਾਂ ਜੋ ਸਰਕਾਰੀ ਮਾਪਦੰਡਾਂ ਅਨੁਸਾਰ ਖਰੀਦ ਕਰਨ ਵਿੱਚ ਕੋਈ ਦੇਰੀ ਜਾਂ ਪਰੇਸ਼ਾਨੀ ਨਾ ਹੋਵੇ। ਪਨਗ੍ਰੇਨ ਦੇ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਸ਼ਾਹਕੋਟ ਵਿਚ ਵੀ ਪਨਗ੍ਰੇਨ ਵੱਲੋਂ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਇਸ ਮੌਕੇ ਐਡਵੋਕੇਟ ਅਭੈ ਗੁਪਤਾ, ਜੀਵਨ ਕੁਮਾਰ, ਅਤੁਲ ਗੁਪਤਾ, ਕਰਨ ਗੁਪਤਾ, ਹਰਵਿੰਦਰ ਸਿੰਘ, ਜਿੰਮੀ ਗੁਪਤਾ, ਲਲਿਤ ਕੁਮਾਰ ਆਦਿ ਹਾਜ਼ਰ ਸਨ।