ਜ਼ਿਲ੍ਹੇ ’ਚ ਪੁੱਜੀ ਡੀਐੱਫਪੀਡੀ ਦੀ ਟੀਮ, ਕਣਕ ਦੀ ਕੁਆਲਟੀ ਲਈ ਲਏ ਸੈਂਪਲ
ਜ਼ਿਲ੍ਹੇ ’ਚ ਪਹੁੰਚੀ ਡੀਐੱਫਪੀਡੀ ਦੀ ਟੀਮ, ਕਣਕ ਦੀ ਕੁਆਲਟੀ ਲਈ ਸੈਂਪਲ ਲਏ
Publish Date: Tue, 14 Apr 2026 11:16 PM (IST)
Updated Date: Tue, 14 Apr 2026 11:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਣਕ ਦੀ ਕੁਆਲਟੀ ਦੀ ਜਾਂਚ ਲਈ ਡਿਪਾਰਟਮੈਂਟ ਆਫ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ (ਡੀਐੱਫਪੀਡੀ) ਦੀ ਟੀਮ ਜ਼ਿਲ੍ਹੇ ’ਚ ਪੁੱਜੀ। ਇਸ ਦੌਰਾਨ ਟੀਮ ਨੇ ਜਿੱਥੇ ਪੱਕ ਕੇ ਤਿਆਰ ਹੋ ਚੁੱਕੀ ਕਣਕ ਦੇ ਸੈਂਪਲ ਲਏ, ਉੱਥੇ ਹੀ ਵਧੀਆ ਕੁਆਲਟੀ ਦੀ ਪੈਦਾਵਾਰ ਕਰਨ ਲਈ ਵੀ ਅਪੀਲ ਕੀਤੀ। ਡੀਐੱਫਪੀਡੀ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਕਰਤਾਰਪੁਰ, ਭੋਗਪੁਰ, ਮਹਿਤਪੁਰ ਤੇ ਕਮਾਲਪੁਰ ਪਿੰਡਾਂ ’ਚ ਕਣਕ ਦੇ ਸੈਂਪਲ ਲਏ ਗਏ। ਅਸਲ ’ਚ ਰੱਬੀ ਸੀਜ਼ਨ ’ਚ ਕਣਕ ਦੀ ਫਸਲ ਲਗਭਗ ਪੱਕ ਕੇ ਤਿਆਰ ਹੋ ਚੁੱਕੀ ਹੈ। ਇਸਦੇ ਨਾਲ ਹੀ ਫਸਲ ਦੀ ਮੰਡੀਕਰਨ ਪ੍ਰਕਿਰਿਆ ਵੀ ਜਲਦੀ ਸ਼ੁਰੂ ਹੋਣ ਵਾਲੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਪਹਿਲੀ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਹਾਲੇ ਤੱਕ ਫਸਲ ਦੇ ਪੂਰੀ ਤਰ੍ਹਾਂ ਪੱਕਣ ’ਚ ਦੇਰੀ ਕਾਰਨ ਮੰਡੀਆਂ ’ਚ ਫਸਲ ਦੀ ਆਮਦ ਸ਼ੁਰੂ ਨਹੀਂ ਹੋਈ। ਇਸ ਦਰਮਿਆਨ ਕਣਕ ਦੀ ਕੁਆਲਟੀ ਦੀ ਜਾਂਚ ਲਈ ਸਾਰੇ ਜ਼ਿਲ੍ਹਿਆਂ ’ਚ ਡੀਐੱਫਪੀਡੀ ਦੀਆਂ ਟੀਮਾਂ ਵੱਲੋਂ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ। ਇਸੇ ਲੜੀ ’ਚ ਜ਼ਿਲ੍ਹੇ ’ਚ ਪਹੁੰਚੀ ਟੀਮ ਨੇ ਚਾਰ ਪਿੰਡਾਂ ਤੋਂ ਕਣਕ ਦੇ ਸੈਂਪਲ ਇਕੱਠੇ ਕੀਤੇ। ਟੀਮ ’ਚ ਸ਼ਾਮਲ ਤਿੰਨ ਮੈਂਬਰਾਂ ਦੇ ਨਾਲ ਖਾਦ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਵੀ ਮੌਜੂਦ ਸਨ। ਕਣਕ ਦੀ ਕੁਆਲਟੀ ਦੀ ਪਰਖ ਲਈ ਟੀਮ ਸਾਰੇ ਜ਼ਿਲ੍ਹਿਆਂ ’ਚ ਦੌਰਾ ਕਰ ਰਹੀ ਹੈ। ਟੀਮ ਵੱਲੋਂ ਇਕੱਠੇ ਕੀਤੇ ਸੈਂਪਲ ਦਿੱਲੀ ਸਥਿਤ ਲੈਬ ’ਚ ਭੇਜੇ ਗਏ ਹਨ, ਜਿਸ ਦੀ ਰਿਪੋਰਟ ਕੇਂਦਰੀ ਮੰਤਰਾਲੇ ਨੂੰ ਭੇਜੀ ਜਾਵੇਗੀ।