ਬਦਮਾਸ਼ਾਂ ਨੇ ਹਮਲਾ ਕਰ ਕੇ ਚਾਹ ਵਾਲਾ ਕੀਤਾ ਜ਼ਖ਼ਮੀ
ਚਾਹ ਦੀ ਦੁਕਾਨ ਦੇ ਬਦਮਾਸ਼ਾਂ ਨੇ ਹਮਲਾ ਕਰਕੇ ਮਾਲਕ ਨੂੰ ਕੀਤਾ ਜਖਮੀ
Publish Date: Mon, 05 Jan 2026 10:55 PM (IST)
Updated Date: Tue, 06 Jan 2026 04:09 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਬੀਤੀ ਅੱਧੀ ਰਾਤ ਤੋਂ ਬਾਅਦ ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਚਾਹ ਦੀ ਦੁਕਾਨ ਚਲਾ ਰਹੇ ਵਿਅਕਤੀ ਨੂੰ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਤੇ ਹਾਕੀ ਨਾਲ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਵਿਅਕਤੀ ਸੇਵਾ ਉਰਫ ਵਿਜੇ ਨੇ ਦਸਿਆ ਕਿ ਉਹ ਅਤੇ ਉਸ ਦਾ ਭਰਾ ਕਾਲਾ ਨਵੀਂ ਸਬਜੀ ਮੰਡੀ ਮਕਸੂਦਾਂ ’ਚ ਚਾਹ ਦੀ ਦੁਕਾਨ ਕਰਦੇ ਹਨ ਤੇ ਬੀਤੀ ਦੇਰ ਰਾਤ ਤਕਰੀਬਨ ਡੇਢ ਵਜੇ ਇੱਕ ਕਾਰ ਵਿਚ ਸਵਾਰ ਹੋ ਕੇ ਚਾਰ ਵਿਅਕਤੀ ਆਏ, ਜਿਨ੍ਹਾਂ ਵੱਲੋਂ ਉਸ ਕੋਲੋਂ ਤੰਬਾਕੂ ਨਾਮਕ ਚੀਜ਼ ਮੰਗੀ ਤੇ ਉਸ ਉਪਰੰਤ ਉਸ ਦੀ ਦੁਕਾਨ ਤੋਂ ਬਰੈਡ ਪਕੌੜੇ ਵੀ ਖਾਧੇ ਤੇ ਜਦ ਉਹ ਜਾਣ ਲੱਗੇ ਤਾਂ ਉਸਨੇ ਉਹਨਾਂ ਕੋਲੋਂ ਪੈਸੇ ਮੰਗੇ ਤਾਂ ਉਹਨਾਂ ਨੇ ਨਸ਼ੇ ਦੀ ਹਾਲਤ ’ਚ ਉਸਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ। ਉਸ ਦਾ ਕਹਿਣਾ ਕਿ ਕੁਝ ਸਮੇਂ ਬਾਅਦ ਉਹੀ ਚਾਰ ਵਿਅਕਤੀ ਕਾਰ ’ਚ ਸਵਾਰ ਹੋ ਕੇ ਤੇਜਧਾਰ ਹਥਿਆਰਾਂ ਤੇ ਹਾਕੀ ਲੈ ਕੇ ਉਸ ਦੀ ਦੁਕਾਨ ’ਤੇ ਆਏ ਅਤੇ ਉਸ ਦੀ ਮਾਰਕੁਟਾਈ ਕਰ ਕੇ ਉਸ ਨੂੰ ਜਖਮੀ ਕਰ ਦਿੱਤਾ ਤੇ ਦੁਕਾਨ ਤੇ ਪਈਆਂ ਹੋਈਆਂ ਖਾਣ ਪੀਣ ਦੀਆਂ ਵਸਤਾਂ ਹੇਠਾਂ ਫਰਸ਼ ਤੇ ਸੁੱਟ ਦਿੱਤੀਆ ਤੇ ਫਰਾਰ ਹੋ ਗਏ। ਉਸ ਵੱਲੋਂ ਤੁਰੰਤ ਪੁਲਿਸ ਸਹਾਇਤਾ ਕੇਂਦਰ ਨੂੰ ਸੂਚਿਤ ਕਰਨ ਤੇ ਸੰਬੰਧਿਤ ਪੀਸੀਆਰ ਵੱਲੋਂ ਉਹਨਾਂ ਨੂੰ ਇਹ ਕਹਿ ਕੇ ਹਸਪਤਾਲ ਭੇਜ ਦਿੱਤਾ ਗਿਆ ਕਿ ਉਹ ਪਹਿਲਾਂ ਆਪਣਾ ਇਲਾਜ ਕਰਵਾਵੇ। ਉਸਦਾ ਕਹਿਣਾ ਹੈ ਕਿ ਬਦਮਾਸ਼ ਉਸ ਕੋਲ ਪਈ ਹੋਈ ਤਕਰੀਬਨ 17000 ਦੀ ਨਕਦੀ ਵੀ ਖੋਹ ਕੇ ਫਰਾਰ ਹੋ ਗਏ।