ਦੇਸ਼ ਭਗਤ ਯਾਦਗਾਰ ਹਾਲ ’ਚ ਲਿਫ਼ਟ ਲਾਉਣ ਦਾ ਕੀਤਾ ਧੰਨਵਾਦ
ਦੇਸ਼ ਭਗਤ ਯਾਦਗਾਰ ਹਾਲ ਅੰਦਰ
Publish Date: Fri, 02 Jan 2026 06:33 PM (IST)
Updated Date: Fri, 02 Jan 2026 06:35 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਨਵੇਂ ਵਰ੍ਹੇ ਮੌਕੇ ਅਵਤਾਰ ਤਾਰੀ ਅਟਵਾਲ ਬਰਮਿੰਘਮ (ਯੂਕੇ) ਨੇ ਬਹੁਤ ਗੰਭੀਰ ਵਿਚਾਰ-ਵਟਾਂਦਰੇ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਹਾਲ, ਉਸ ਤੋਂ ਵੀ ਉਤਲੀ ਮੰਜ਼ਿਲ ’ਤੇ ਬਣੇ ਦੋ ਹਾਲਾਂ ਦੀ ਸੁਚੱਜੀ ਵਰਤੋਂ ਅਤੇ ਸਾਹਿਤਕ, ਸੱਭਿਆਚਾਰਕ, ਵਿਗਿਆਨਕ, ਜਮਹੂਰੀ ਵਿਚਾਰਾਂ, ਸਰਗਰਮੀਆਂ ਕਰਨ ਲਈ ਦਰਸ਼ਕਾਂ/ਸਰੋਤਿਆਂ ਦੇ ਪਹੁੰਚਣ ਦੀ ਸੁਵਿਧਾ ਨੂੰ ਧਿਆਨ ’ਚ ਰੱਖਦਿਆਂ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਲਿਫ਼ਟ ਲਾਉਣ ਦੇ ਪ੍ਰੋਜੈਕਟ ਨੇਪਰੇ ਚਾੜ੍ਹਨ ਲਈ ਆਉਣ ਵਾਲੇ ਸਾਰੇ ਖਰਚੇ ਦੀ ਜ਼ਿੰਮੇਵਾਰੀ ਚੁੱਕਣ ਦੀ ਖੁਸ਼ੀ ਸਾਂਝੀ ਕੀਤੀ। ਬਰਮਿੰਘਮ (ਯੂਕੇ) ਤੋਂ ਆਏ ਕੁਲਵੰਤ ਸਿੰਘ ਕਮਲ ਨੇ ਦੱਸਿਆ ਕਿ ਇਹ ਲਿਫ਼ਟ ਦਾ ਸਾਰਾ ਖ਼ਰਚਾ ਤਾਰੀ ਅਟਵਾਲ ਨੇ ਕਰਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਹੈ ਕਿ ਮਹਾਨ ਗ਼ਦਰੀ ਦੇਸ਼ ਭਗਤਾਂ ਅਤੇ ਆਜ਼ਾਦੀ ਸੰਗਰਾਮ ਦੀਆਂ ਭੁੱਲੀਆਂ ਵਿਸਰੀਆਂ ਮਹਾਨ ਲਹਿਰਾਂ ਅਤੇ ਉਨ੍ਹਾਂ ਦੇ ਸ਼ਹੀਦਾਂ ਦੀ ਅਮਿੱਟ ਦੇਣ ਨੂੰ ਸਿਜਦਾ ਕਰਨ ਲਈ ਇਹ ਮਾਮੂਲੀ ਜਿਹਾ ਯੋਗਦਾਨ ਹੈ। ਉਨ੍ਹਾਂ ਦੇ ਜੱਦੀ ਪਿੰਡ ਮਾਓ ਸਾਹਿਬ ਤੋਂ ਮਹਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ਼ ਆਏ ਹੋਏ ਸਨ। ਇਸ ਮੌਕੇ ਕੁਲਵੰਤ ਹੋਰਨਾਂ ਦਾ ਪੁਸਤਕਾਂ ਦੇ ਸੈੱਟ ਦੇ ਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ ਅਤੇ ਉਨ੍ਹਾਂ ਹੱਥ ਤਾਰੀ ਅਟਵਾਲ ਨੂੰ ਧੰਨਵਾਦ ਪੱਤਰ ਵੀ ਭੇਜਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਡਾ. ਪਰਮਿੰਦਰ, ਸਹਾਇਕ ਸਕੱਤਰ ਡਾ. ਗੋਪਾਲ ਸਿੰਘ ਬੁੱਟਰ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਡਾ. ਤੇਜਿੰਦਰ ਵਿਰਲੀ, ਰਣਜੀਤ ਸਿੰਘ ਔਲਖ, ਡਾ. ਸੈਲੇਸ਼ ਆਦਿ ਹਾਜ਼ਰ ਸਨ।