ਵਿਕਾਸ ਕੰਮਾਂ ਦੇ 59 ਕਰੋੜ ਦੇ ਟੈਂਡਰ ਫਸੇ, ਅਜੇ ਤਕ ਕਾਗਜ਼ਾਂ ਦੀ ਜਾਂਚ ਜਾਰੀ
ਵਿਕਾਸ ਕੰਮਾਂ ਦੇ 59 ਕਰੋੜ ਦੇ ਟੈਂਡਰ ਫਸੇ , ਅਜੇ ਤਕ ਕਾਗोमਜ਼ਾਂ ਦੀ ਜਾਂਚ ਜਾਰੀ
Publish Date: Sat, 03 Jan 2026 07:21 PM (IST)
Updated Date: Sun, 04 Jan 2026 04:12 AM (IST)

ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਵੱਲੋਂ ਪਿਛਲੇ ਦਿਨੀ ਸ਼ਹਿਰ ਦੇ ਵਿਕਾਸ ਕੰਮਾਂ ਲਈ ਜਿਹੜੇ ਟੈਂਡਰ ਮੰਗੇ ਗਏ ਸਨ, ਉਨ੍ਹਾਂ ਦਾ ਕੰਮ ਫਸ ਗਿਆ ਹੈ, ਕਿਉਂਕਿ ਟੈਂਡਰ ਪਾਉਣ ਵਾਲੀਆਂ 3 ਏਜੰਸੀਆਂ ਨਹੀਂ ਆਈਆਂ। ਇਸ ਲਈ ਜਾਪਦਾ ਹੈ ਕਿ ਇਹ ਟੈਂਡਰ ਮੁੜ ਮੰਗੇ ਜਾ ਸਕਦੇ ਹਨ। ਉਕਤ ਟੈਂਡਰ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਬਣਾਉਣ ਲਈ ਮੰਗੇ ਗਏ ਸਨ। ਇਹ ਟੈਂਡਰ ਕੇਂਦਰ ਸਰਕਾਰ ਦੀ ਜਿਹੜੀ ਵਿਕਾਸ ਕੰਮਾਂ ਬਾਰੇ 85 ਕਰੋੜ ਦੀ ਗਰਾਂਟ ਆਉਣੀ ਸੀ, ਉਸ ’ਚੋਂ 65 ਕਰੋੜ ਦੇ ਟੈਂਡਰ ਮੰਗੇ ਗਏ ਸਨ ਤੇ ਉਨ੍ਹਾਂ ’ਚੋਂ 6 ਕਰੋੜ ਦੇ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੇ ਵਰਕ ਆਰਡਰ ਜਾਰੀ ਹੋ ਚੁੱਕੇ ਹਨ ਤੇ ਇਹ ਕੰਮ ਬੱਜਰੀ-ਸੀਮੈਂਟ ਦੀਆਂ ਸੜਕਾਂ ਤੇ ਗਲੀਆਂ ’ਤੇ ਲਾਏ ਗਏ ਸਨ, ਜਿਨ੍ਹਾਂ ਤੇ ਕੰਮ ਸ਼ੁਰੂ ਹੋ ਚੁੱਕਾ ਹੈ, ਜਦਕਿ ਬਾਕੀ ਰਹਿੰਦੇ 59 ਕਰੋੜ ਦੇ ਟੈਂਡਰ ਸ਼ਹਿਰ ਦੀਆਂ ਲੁੱਕ-ਬੱਜਰੀ ਦੀਆਂ ਸੜਕਾਂ ਬਣਾਉਣ ਲਈ ਲਾਏ ਗਏ ਸਨ। ਇਸ ਦੌਰਾਨ ਬੀਐਂਡਆਰ ਦੇ ਐੱਸਈ ਰਜਨੀਸ਼ ਡੋਗਰਾ ਤੋਂ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਅਜੇ ਟੈਂਡਰ ਪਾਉਣ ਵਾਲੀਆਂ ਏਜੰਸੀਆਂ ਦੇ ਕਾਗਜ਼ਾਂ ਦੀ ਜਾਂਚ ਜਾਰੀ ਹੈ ਤੇ ਜਾਂਚ ਪੂਰੀ ਹੋਣ ਤੇ ਘੱਟ ਰੇਟ ਦੇ ਟੈਂਡਰ ਵਾਲੀ ੲੈਜੰਸੀ ਨੂੰ ਹੀ ਵਰਕ ਆਰਡਰ ਜਾਰੀ ਹੋ ਸਕਦਾ ਹੈ। ਬਾਕਸ-- 31 ਮਾਰਚ ਤਕ ਬਣਦੀਆਂ ਹਨ ਸੜਕਾਂ ਇਹ ਵਰਨਣਯੋਗ ਹੈ ਕਿ ਲੁੱਕ-ਬੱਜਰੀ ਦੀਆਂ ਸੜਕਾਂ ਬਣਾਉਣ ਦੇ ਕੰਮ ਪੂਰੇ ਕਰਨ ਲਈ ਸਰਕਾਰ ਨੇ 31 ਮਾਰਚ ਤਕ ਦਾ ਸਮਾਂ ਮਿੱਥਿਆ ਹੋਇਆ ਹੈ ਪਰ ਅਜੇ ਤਕ ਤਾਪਮਾਨ ਬਹੁਤ ਘਟ ਹੋਣ ਕਾਰਨ ਪ੍ਰੀਮਿਕਸ ਪਲਾਂਟ ਵੀ ਨਹੀਂ ਚੱਲ ਰਹੇ, ਜਿਸ ਕਾਰਨ ਅਜੇ ਸੜਕਾਂ ਦਾ ਕੰਮ ਸ਼ੁਰੂ ਹੋਣਾ ਅਸੰਭਵ ਹੈ ਤੇ ਅਗਲੇ ਫਰਵਰੀ ਮਹੀਨੇ ’ਚ ਤਾਪਮਾਨ ’ਚ ਤਬਦੀਲੀ ਆਉਣ ਦੇ ਬਾਅਦ ਹੀ ਕੰਮ ਸ਼ੁਰੂ ਹੋ ਸਕਦਾ ਹੈ।