ਕੋਹਲੀ ਵੱਲੋਂ ਵਾਰਡ 11 ਤੇ 19 ’ਚ ਪ੍ਰੋਜੈਕਟਾਂ ਦੀ ਸ਼ੁਰੂਆਤ
ਵਿਕਾਸ ਕਾਰਜਾਂ ਨੂੰ ਮਿਲੀ ਨਵੀਂ ਰਫ਼ਤਾਰ ਨਿਤਿਨ ਕੋਹਲੀ ਵੱਲੋਂ ਵਾਰਡ 11 ਤੇ 19 ’ਚ ਲੱਖਾਂ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ
Publish Date: Sat, 14 Mar 2026 07:19 PM (IST)
Updated Date: Sat, 14 Mar 2026 07:21 PM (IST)

-ਗਣੇਸ਼ ਨਗਰ ਪਾਰਕ ਦਾ ਉਦਘਾਟਨ, ਢਿੱਲਵਾਂ ਸ਼ਿਵਪੁਰੀ ’ਚ ਸ਼ੈਡ ਤੇ ਲਾਡੋਵਾਲੀ ਰੋਡ ’ਤੇ ਸੜਕਾਂ ਦੇ ਕੰਮ ਸ਼ੁਰੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸੈਂਟਰਲ ਹਲਕੇ ’ਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਦੇਣ ਦੇ ਉਦੇਸ਼ ਨਾਲ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ਵੱਖ-ਵੱਖ ਇਲਾਕਿਆਂ ’ਚ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਪ੍ਰੋਜੈਕਟਾਂ ਨਾਲ ਇਲਾਕਾ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਹੋਣਗੀਆਂ। ਇਸ ਤਹਿਤ ਵਾਰਡ ਨੰਬਰ 11 ਦੇ ਗਣੇਸ਼ ਨਗਰ ’ਚ ਲਗਭਗ 30.34 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਪਾਰਕ ਦਾ ਉਦਘਾਟਨ ਨਿਤਿਨ ਕੋਹਲੀ ਵੱਲੋਂ ਕੀਤਾ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਵਿੱਕੀ ਤੁਲਸੀ, ਅਮਰਦੀਪ ਸਿੰਘ ਕਿੰਨੂੰ ਤੇ ਸਮੂਹ ਇਲਾਕਾ ਨਿਵਾਸੀ ਮੌਜੂਦ ਸਨ। ਇਲਾਕਾ ਵਾਸੀਆਂ ਨੇ ਪਾਰਕ ਦੇ ਨਿਰਮਾਣ ’ਤੇ ਖੁਸ਼ੀ ਜਤਾਈ ਤੇ ਕਿਹਾ ਕਿ ਇਸ ਨਾਲ ਬੱਚਿਆਂ ਤੇ ਬਜ਼ੁਰਗਾਂ ਨੂੰ ਸੈਰ ਤੇ ਮਨੋਰੰਜਨ ਲਈ ਵਧੀਆ ਥਾਂ ਮਿਲੇਗੀ। ਇਸ ਦੇ ਨਾਲ ਹੀ ਵਾਰਡ ਨੰਬਰ 11 ਦੇ ਢਿੱਲਵਾਂ ਸ਼ਿਵ ਪੁਰੀ ਇਲਾਕੇ ’ਚ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਸ਼ੈੱਡ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਸਮਾਜਿਕ ਤੇ ਜਨਹਿਤ ਸਮਾਗਮਾਂ ਲਈ ਬਿਹਤਰ ਸਹੂਲਤ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ ਵਾਰਡ ਨੰਬਰ 19 ’ਚ ਲਾਡੋਵਾਲੀ ਰੋਡ ’ਤੇ ਕਰੀਬ 25.22 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਵਾਰਡ ਇੰਚਾਰਜ ਡਾ. ਰਾਜੇਸ਼ ਬੱਬਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਮ ਮੂਰਤੀ ਤੇ ਸਮੂਹ ਇਲਾਕਾ ਨਿਵਾਸੀ ਮੌਜੂਦ ਸਨ। ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਜਲੰਧਰ ਸੈਂਟਰਲ ਦੇ ਹਰ ਇਲਾਕੇ ’ਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਸੜਕਾਂ, ਪਾਰਕਾਂ, ਨਿਕਾਸੀ ਪ੍ਰਬੰਧ ਤੇ ਹੋਰ ਜਨਹਿਤ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾ ਵਿਜ਼ਨ ਜਲੰਧਰ ਸੈਂਟਰਲ ਨੂੰ ਇਕ ਸੁਚੱਜਾ, ਸੁੰਦਰ ਤੇ ਆਧੁਨਿਕ ਹਲਕਾ ਬਣਾਉਣਾ ਹੈ ਜਿੱਥੇ ਹਰ ਮੁਹੱਲੇ ’ਚ ਬੁਨਿਆਦੀ ਸਹੂਲਤਾਂ ਮਜ਼ਬੂਤ ਹੋਣ ਤੇ ਲੋਕਾਂ ਨੂੰ ਵਿਕਾਸ ਦੇ ਲਾਭ ਸਿੱਧੇ ਤੌਰ ’ਤੇ ਮਿਲਣ। ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ’ਚ ਵੀ ਜਲੰਧਰ ਸੈਂਟਰਲ ’ਚ ਇਸੇ ਤਰ੍ਹਾਂ ਵਿਕਾਸ ਕਾਰਜ ਜਾਰੀ ਰਹਿਣਗੇ ਤੇ ਹਰ ਇਲਾਕੇ ਨੂੰ ਤਰੱਕੀ ਦੀ ਰਾਹ ’ਤੇ ਅੱਗੇ ਲਿਆਂਦਾ ਜਾਵੇਗਾ।