ਅਧਿਆਪਕਾਂ ਨੂੰ ਨਜ਼ਰਬੰਦ ਕਰਨਾ ਲੋਕਤੰਤਰ ’ਤੇ ਹਮਲਾ : ਪਰਗਟ ਸਿੰਘ
-ਆਪਣੇ ਹੱਕ ਮੰਗਦੇ ਅਧਿਆਪਕਾਂ
Publish Date: Sat, 04 Apr 2026 11:27 PM (IST)
Updated Date: Sat, 04 Apr 2026 11:31 PM (IST)
-ਆਪਣੇ ਹੱਕ ਮੰਗਦੇ ਅਧਿਆਪਕਾਂ ਨੂੰ ਮਿਲ ਰਹੀਆਂ ਹਨ ਲਾਠੀਆਂ ਤੇ ਜਲ ਤੋਪਾਂ
-ਬੱਚਿਆਂ ਦੇ ਸਾਹਮਣੇ ਅਧਿਆਪਕਾਂ ਦੀ ਨਜ਼ਰਬੰਦੀ ਮਾਣ-ਸਨਮਾਨ ਨੂੰ ਨੁਕਸਾਨ ਪਹੁੰਚਾਉਣ ਵਾਲਾ
ਜਾਸ, ਜਲੰਧਰ : ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਰਣੀਆਂ ਸਥਿਤ ਸਰਕਾਰੀ ਸਕੂਲ ’ਚ ਅਧਿਆਪਕਾਂ ਨੂੰ ਨਜ਼ਰਬੰਦ ਕਰਨ ਦੀ ਘਟਨਾ ਦੀ ਨਿੰਦਾ ਕਰਦਿਆਂ ਇਸ ਨੂੰ ਜਮਹੂਰੀ ਕਦਰਾਂ-ਕੀਮਤਾਂ 'ਤੇ ਸਿੱਧਾ ਹਮਲਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਸਿਰਫ ਇਸ ਕਰ ਕੇ ਨਜ਼ਰਬੰਦ ਕੀਤਾ ਗਿਆ ਕਿ ਉਨ੍ਹਾਂ ਦੇ ਨੇੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਹੋ ਰਹੀ ਸੀ, ਇਹ ਨਾ-ਕਾਬਿਲੇ ਬਰਦਾਸ਼ਤ ਹੈ। ਕੀ ਇਸ ਨੂੰ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਸਿੱਖਿਆ ਕ੍ਰਾਂਤੀ ਕਹਿੰਦੀ ਹੈ?
ਪਰਗਟ ਸਿੰਘ ਨੇ ਕਿਹਾ ਕਿ ਅਧਿਆਪਕ ਸਮਾਜ ਦਾ ਸਨਮਾਨਿਤ ਵਰਗ ਹੈ, ਜੋ ਬੱਚਿਆਂ ਦੇ ਭਵਿੱਖ ਦਾ ਨਿਰਮਾਣ ਕਰਦਾ ਹੈ। ਇਸ ਤਰ੍ਹਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਸਾਹਮਣੇ ਨਜ਼ਰਬੰਦ ਕਰਨਾ ਨਾ ਸਿਰਫ ਉਨ੍ਹਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਂਦਾ ਹੈ, ਸਗੋਂ ਸਿੱਖਿਆ ਪ੍ਰਣਾਲੀ ਲਈ ਵੀ ਬਹੁਤ ਚਿੰਤਾਜਨਕ ਸੰਕੇਤ ਹੈ। ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਆਖਿਰ ਅਧਿਆਪਕਾਂ ਤੋਂ ਕਿਸ ਤਰ੍ਹਾਂ ਦਾ ਖ਼ਤਰਾ ਹੈ। ਉਨ੍ਹਾਂ ਅਨੁਸਾਰ, ਇਹ ਘਟਨਾ ਦਰਸਾਉਂਦੀ ਹੈ ਕਿ ਸਰਕਾਰ ਆਲੋਚਨਾ ਤੋਂ ਡਰ ਰਹੀ ਹੈ ਤੇ ਹੁਣ ਵਿੱਦਿਅਕ ਸੰਸਥਾਵਾਂ ’ਚ ਵੀ ਪੁਲਿਸ ਦਾ ਦਖਲ ਵਧਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦੇ ਰਹੀ। ਹੱਕ ਮੰਗਣ 'ਤੇ ਉਨ੍ਹਾਂ ਨੂੰ ਲਾਠੀਆਂ ਮਿਲ ਰਹੀਆਂ ਹਨ ਤੇ ਜਲ ਤੋਪਾਂ ਨਾਲ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਇਸ ਤਰ੍ਹਾਂ ਅਧਿਆਪਕਾਂ ਨਾਲ ਕੀਤਾ ਜਾ ਰਿਹਾ ਇਹ ਮਤਰੇਆ ਸਲੂਕ ਆਉਣ ਵਾਲੀਆਂ ਚੋਣਾਂ ’ਚ ਆਪਣਾ ਰੰਗ ਦਿਖਾਏਗਾ।