ਅਦਾਲਤ ’ਚ ਕੇਸ ਦੇ ਬਾਵਜੂਦ ਪਸ਼ੂਆਂ ਦੇ ਸ਼ੈੱਡ ਤੋੜੇ
ਅਦਾਲਤ ’ਚ ਕੇਸ ਚੱਲਣ ਦੇ ਬਾਵਜੂਦ 30--35 ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਪਸ਼ੂਆਂ ਦੇ ਸ਼ੈੱਡ ਤੋੜੇ
Publish Date: Tue, 14 Apr 2026 09:21 PM (IST)
Updated Date: Tue, 14 Apr 2026 09:24 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : 12 ਅਪ੍ਰੈਲ ਨੂੰ ਦੁਪਹਿਰ ਕਰੀਬ 2 ਵਜੇ ਕਿਸ਼ਨਗੜ੍ਹ ਦੇ ਇਕ ਡੇਰੇ ’ਚ ਜ਼ਮੀਨੀ ਵਿਵਾਦ ਨਾਲ ਸਬੰਧਤ ਹਿੰਸਕ ਘਟਨਾ ਸਾਹਮਣੇ ਆਈ। ਦੋਸ਼ ਹੈ ਕਿ 30 ਤੋਂ 35 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਟਰੈਕਟਰਾਂ ਤੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਡੇਰੇ ’ਚ ਦਾਖਲ ਹੋ ਕੇ ਭੰਨ-ਤੋੜ ਕੀਤੀ। ਪੀੜਤ ਪਰਿਵਾਰ ਮੁਤਾਬਕ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਬੰਨ੍ਹੇ ਰੱਸੇ ਕੱਟ ਦਿੱਤੇ ਤੇ ਉਨ੍ਹਾਂ ਲਈ ਬਣਾਇਆ ਗਿਆ ਸ਼ੈੱਡ ਢਾਹ ਦਿੱਤਾ। ਇਸ ਤੋਂ ਬਾਅਦ ਜੇਸੀਬੀ ਮਸ਼ੀਨ ਤੇ ਟਰੈਕਟਰਾਂ ਰਾਹੀਂ ਖੇਤ ’ਚ ਖੜ੍ਹੀ ਕਣਕ ਦੀ ਫਸਲ ਨੂੰ ਵੀ ਵਾਹ ਦਿੱਤਾ ਗਿਆ। ਇਸ ਦੌਰਾਨ ਚਾਰੇ ਵਾਲੀ ਮਸ਼ੀਨ ਦੀ ਵੀ ਭੰਨੀ ਗਈ। ਹਮਲਾਵਰਾਂ ਨੇ ਪਿਸਤੌਲ ਦਿਖਾ ਕੇ ਧਮਕੀਆਂ ਦਿੱਤੀਆਂ ਤੇ ਜਾਤੀ ਸੂਚਕ ਸ਼ਬਦ ਵੀ ਵਰਤੇ। ਉਨ੍ਹਾਂ ਨੂੰ ਕਿਹਾ ਗਿਆ ਕਿ ਡੇਰਾ ਖਾਲੀ ਕਰ ਦਿੱਤਾ ਜਾਵੇ ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਪਰਸ਼ੋਤਮ ਲਾਲ ਤੇ ਉਨ੍ਹਾਂ ਦੀ ਪਤਨੀ ਰਾਣੀ ਨੇ ਦੱਸਿਆ ਕਿ ਇਹ ਜ਼ਮੀਨ ਵਿਵਾਦ ਅਦਾਲਤ ’ਚ ਚੱਲ ਰਿਹਾ ਹੈ ਤੇ ਇਸ ਦੀ ਅਗਲੀ ਸੁਣਵਾਈ 7 ਮਈ 2027 ਨੂੰ ਹੈ। ਉਹ ਪਿਛਲੇ 40 ਤੋਂ 50 ਸਾਲਾਂ ਤੋਂ ਇਸ ਡੇਰੇ ’ਚ ਰਹਿ ਰਹੇ ਹਨ ਤੇ ਜ਼ਮੀਨ ਦੇ ਮਾਲਕ ਬਾਵਾ ਸਿੰਘ ਨੇ ਉਨ੍ਹਾਂ ਨੂੰ ਇੱਥੇ ਵਸਾਇਆ ਸੀ। ਪੀੜਤ ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਵਿਰੋਧੀ ਧਿਰ ਦੇ ਲੋਕ ਅਦਾਲਤੀ ਕਾਰਵਾਈ ਦੇ ਬਾਵਜੂਦ ਉਨ੍ਹਾਂ ਨੂੰ ਜਬਰਦਸਤੀ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਚੌਕੀ ਕਿਸ਼ਨਗੜ੍ਹ ’ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਪੀੜਤਾਂ ਨੇ ਐੱਸਐੱਸਪੀ ਜਲੰਧਰ ਦਿਹਾਤੀ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।