-ਪੈਂਡਿੰਗ ਅਰਜ਼ੀਆਂ ਦੀ ਮਨਜ਼ੂਰੀ

-ਪੈਂਡਿੰਗ ਅਰਜ਼ੀਆਂ ਦੀ ਮਨਜ਼ੂਰੀ ਲਈ ਦਫ਼ਤਰ ਦੇ ਕੱਢਣੇ ਪੈਂਦੇ ਹਨ ਚੱਕਰ
ਜਾਸ, ਜਲੰਧਰ
ਸਰਕਾਰ ਦਾ ਦਾਅਵਾ ਹੈ ਕਿ ਆਰਟੀਓ ਨਾਲ ਸਬੰਧਿਤ ਸੇਵਾਵਾਂ ਲਈ ਦਫਤਰ ਦੇ ਚੱਕਰ ਲਾਉਣ ਦੀ ਕੋਈ ਲੋੜ ਨਹੀਂ ਹੈ। ਹਰੇਕ ਕਿਸਮ ਦੀਆਂ ਸੇਵਾਵਾਂ ਆਨਲਾਈਨ ਉਪਲੱਬਧ ਹਨ ਤਾਂ ਜੋ ਘਰ ਬੈਠੇ ਸੁਵਿਧਾਵਾਂ ਦਾ ਲਾਭ ਉਠਾਇਆ ਜਾ ਸਕੇ ਪਰ ਸਰਕਾਰ ਦੇ ਟਰਾਂਸਪੋਰਟ ਪੋਰਟਲ ਦੇ ਅੰਕੜੇ ਕੁਝ ਹੋਰ ਹੀ ਹਕੀਕਤ ਦਰਸਾਉਂਦੇ ਹਨ।
ਪਰਿਵਹਨ ਪੋਰਟਲ ’ਤੇ ਆਰਟੀਓ ਦਫਤਰ ਪੱਧਰ ’ਤੇ ਵੱਖ-ਵੱਖ ਕਿਸਮ ਦੀਆਂ ਲਗਪਗ ਅਰਜ਼ੀਆਂ ਪੈਂਡਿੰਗ ਚੱਲ ਰਹੀਆਂ ਹਨ, ਇਸ ਕਾਰਨ ਬਿਨੈਕਾਰਾਂ ਨੂੰ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸਥਿਤ ਆਰਟੀਓ ਦਫਤਰ ਦੇ ਚੱਕਰ ਲਗਾਉਣੇ ਪੈਂਦੇ ਹਨ ਜਾਂ ਫਿਰ ਆਪਣੇ ਕੰਮ ਕਰਵਾਉਣ ਲਈ ਏਜੰਟ ਦਾ ਸਹਾਰਾ ਲੈਣਾ ਪੈਂਦਾ ਹੈ।
-----------
ਕਿਨ੍ਹਾਂ ਸੇਵਾਵਾਂ ਦੇ ਕਿੰਨੀਆਂ ਅਰਜ਼ੀਆਂ ਪੈਂਡਿੰਗ
- ਡੀਲਰ ਰਜਿਸਟ੍ਰੇਸ਼ਨ : 8800
- ਆਰਟੀਓ ਤੋਂ ਰਜਿਸਟ੍ਰੇਸ਼ਨ ਸਬੰਧੀ: 9200
(ਇਸ ’ਚ ਮੁੱਖ ਤੌਰ 'ਤੇ ਨਵੇਂ ਰਜਿਸਟ੍ਰੇਸ਼ਨ, ਫਿਟਨੈੱਸ ਸਰਟੀਫਿਕੇਟ, ਡੁਪਲੀਕੇਟ ਆਰਸੀ, ਮਾਲਕੀਅਤ ਦਾ ਟਰਾਂਸਫਰ, ਹਾਈਪੋਥੇਕੇਸ਼ਨ ਟਰਮੀਨੇਸ਼ਨ, ਰਜਿਸਟ੍ਰੇਸ਼ਨ ਨੂੰ ਰੀਨਿਊ ਕਰਨਾ, ਨੋ ਆਬਜੈਕਸ਼ਨ ਸਰਟੀਫਿਕੇਟ ਜਾਰੀ ਕਰਨਾ, ਰਜਿਸਟ੍ਰੇਸ਼ਨ ਰੀਨਿਊਲ, ਬਲੈਕਲਿਸਟ ਕਰਨਾ, ਮੋਬਾਈਲ ਨੰਬਰ ਅੱਪਡੇਟ ਕਰਨਾ ਤੇ ਡਰਾਈਵਰ ਦਾ ਮੋਬਾਈਲ ਨੰਬਰ ਅੱਪਡੇਟ ਕਰਨਾ ਆਦਿ ਸ਼ਾਮਲ ਹਨ।)
- ਵਾਹਨਾਂ ਦੀ ਆਰਜ਼ੀ ਰਜਿਸਟ੍ਰੇਸ਼ਨ : 955
- ਦੂਜੇ ਸੂਬਿਆਂ ਦੇ ਵਾਹਨ : 346
-------------
ਅਧੂਰੀ ਫਾਈਲਾਂ ਵੀ ਰਿਕਾਰਡ ’ਚ ਸ਼ਾਮਲ : ਆਰਟੀਓ
ਆਰਟੀਓ ਅਮਨ ਪਾਲ ਸਿੰਘ ਦਾ ਕਹਿਣਾ ਹੈ ਕਿ ਟਰਾਂਸਪੋਰਟ ਪੋਰਟਲ ’ਤੇ ਹਮੇਸ਼ਾ ਬਿਨੈਕਾਰਾ ਪੱਧਰ 'ਤੇ ਵੱਖ-ਵੱਖ ਕਾਰਨਾਂ ਕਰ ਕੇ ਪੈਂਡਿੰਗ ਚੱਲ ਰਹੀਆਂ ਅਰਜ਼ੀਆਂ ਵੀ ਸੂਚੀ ’ਚ ਦਿਖਾਈ ਦਿੰਦੀਆਂ ਹਨ। ਚਾਹੇ ਮਾਮਲਾ ਦਸਤਾਵੇਜ਼ਾਂ ਤੋਂ ਲੈ ਕੇ ਫੀਸ ਦੇ ਭੁਗਤਾਨ ਦਾ ਹੋਵੇ ਜਾਂ ਫਿਰ ਉਸ ਦੀ ਮਿਆਦ ਖਤਮ ਹੋਣ ਦਾ। ਉਹ ਸਾਰੀਆਂ ਅਰਜ਼ੀਆਂ ਪੈਂਡਿੰਗ ਹੀ ਦਿਖਾਈ ਦੇਣਗੀਆਂ। ਬਾਵਜੂਦ ਇਸ ਦੇ ਉਹ ਪੈਂਡਿੰਗ ਅਰਜ਼ੀਆਂ ਦੇ ਜਲਦੀ ਨਿਪਟਾਰੇ ਦਾ ਆਦੇਸ਼ ਜਾਰੀ ਕਰਕੇ ਉਸ 'ਤੇ ਅਮਲ ਕਰਨਗੇ।
-----------
ਦੋ ਏਟੀਓ ਦੇ ਬਾਵਜੂਦ ਸਾਰਥੀ ਪੋਰਟਲ ’ਤੇ ਵੀ ਪੈਂਡੈਂਸੀ
ਜਲੰਧਰ : ਆਰਟੀਓ ਦਫਤਰ ਨਾਲ ਜੁੜੇ ਦੂਜੇ ਸਾਰਥੀ ਪੋਰਟਲ ’ਤੇ ਵੀ ਇਹ ਹੈ, ਜਿੱਥੇ ਅਰਜ਼ੀਆਂ ਦੀ ਪੈਂਡੈਂਸੀ 1300 ਤੋਂ ਵੱਧ ਦੱਸੀ ਜਾ ਰਹੀ ਹੈ। ਜਦੋਂ ਕਿ ਮੰਗਲਵਾਰ ਨੂੰ ਚੰਡੀਗੜ੍ਹ ਵਿਚ ਸੱਦੀ ਗਈ ਸੂਬਾ ਪੱਧਰੀ ਮੀਟਿੰਗ ਕਾਰਨ ਕਾਹਲੀ-ਕਾਹਲੀ ’ਚ ਏਟੀਓ ਪੱਧਰ ’ਤੇ ਪੈਂਡਿੰਗ ਚੱਲ ਰਹੀਆਂ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਹੈ।
ਸਾਰਥੀ ਪੋਰਟਲ ’ਤੇ ਲਰਨਿੰਗ ਲਾਇਸੈਂਸ, ਆਨਲਾਈਨ ਲਰਨਿੰਗ ਲਾਇਸੈਂਸ ਟੈਸਟ, ਡਰਾਈਵਿੰਗ ਲਾਇਸੈਂਸ, ਪੱਕਾ ਡਰਾਈਵਿੰਗ ਲਾਇਸੈਂਸ ਲਈ ਅੰਪਾਇੰਟਮੈਂਟ ਬੁੱਕ ਕਰਨਾ ਤੇ ਡਰਾਈਵਿੰਗ ਟੈਸਟ ਸ਼ਡਿਊਲ, ਲਾਇਸੈਂਸ ਦਾ ਨਵੀਨੀਕਰਨ, ਡੁਪਲੀਕੇਟ ਲਾਇਸੈਂਸ, ਪਤੇ ’ਚ ਤਬਦੀਲੀ, ਇੰਟਰਨੈਸ਼ਨਲ ਡਰਾਈਵਿੰਗ ਪਰਮਿਟ, ਕੰਡਕਟਰ ਲਾਇਸੈਂਸ ਸਮੇਤ ਡਰਾਈਵਿੰਗ ਸਕੂਲ ਲਾਇਸੈਂਸ ਲਈ ਅਰਜ਼ੀ ਦਾ ਕੰਮ ਸ਼ਾਮਲ ਹੈ। ਇਨ੍ਹਾਂ ਕੰਮਾਂ ਨਾਲ ਸਬੰਧਿਤ ਲਗਪਗ 1300 ਅਰਜ਼ੀਆਂ ਲੰਬਿਤ ਚੱਲ ਰਹੀਆਂ ਹਨ।
-----------
ਰੋਜ਼ਾਨਾ ਆਉਂਦੀਆਂ ਹਨ ਔਸਤ 350 ਅਰਜ਼ੀਆਂ : ਏਟੀਓ
ਸਾਰਥੀ ਪੋਰਟਲ 'ਤੇ ਪੈਂਡੈਂਸੀ ਦੇ ਸਵਾਲ ’ਤੇ ਏਟੀਓ ਵਿਸ਼ਾਲ ਗੋਇਲ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਸਾਰੀਆਂ ਪੋਰਟਲ 'ਤੇ ਰੋਜ਼ਾਨਾ ਔਸਤ ਕਰੀਬ 350 ਅਰਜ਼ੀਆਂ ਆਉਂਦੀਆਂ ਹਨ। ਕੋਸ਼ਿਸ਼ ਹੁੰਦੀ ਹੈ ਕਿ ਅਰਜ਼ੀਆਂ ਦਾ ਉਸੇ ਦਿਨ ਨਿਬੇੜਾ ਕਰ ਦਿੱਤਾ ਜਾਵੇ ਪਰ ਕਈ ਵਾਰ ਰੁਝੇਵਿਆਂ ਕਾਰਨ ਅਜਿਹਾ ਨਹੀਂ ਹੁੰਦਾ। ਇਸ ਕਾਰਨ ਪੈਂਡੈਂਸੀ ਵੱਧ ਜਾਂਦੀ ਹੈ।
------------
ਡਰਾਈਵਿੰਗ ਟ੍ਰੈਕ ’ਤੇ ਏਟੀਓ ਦੀ ਮੌਜੂਦਗੀ ਨਹੀਂ
ਜਲੰਧਰ ’ਚ ਦੋ ਏਟੀਓ ਦੀ ਤਾਇਨਾਤੀ ਦੇ ਬਾਵਜੂਦ ਡਰਾਈਵਿੰਗ ਟ੍ਰੈਕ 'ਤੇ ਕਿਸੇ ਦੀ ਮੌਜੂਦਗੀ ਨਾ ਹੋਣ ਦੇ ਸਵਾਲ ’ਤੇ ਏਟੀਓ ਵਿਸ਼ਾਲ ਗੋਇਲ ਦਾ ਕਹਿਣਾ ਹੈ ਕਿ ਦੋਵੇਂ ਏਟੀਓ ਕੋਲ ਦੂਜੇ ਜ਼ਿਲ੍ਹੇ ਦਾ ਵਾਧੂ ਕਾਰਜਭਾਰ ਹੈ। ਉਨ੍ਹਾਂ ਕੋਲ ਅੰਮ੍ਰਿਤਸਰ ਤੇ ਏਟੀਓ ਕਮਲੇਸ਼ ਕੁਮਾਰੀ ਕੋਲ ਨਵਾਂਸ਼ਹਿਰ ਦਾ ਚਾਰਜ ਵੀ ਹੈ, ਜਿੱਥੇ ਹਫ਼ਤੇ ’ਚ ਦੋ ਦਿਨ ਜਾਣਾ ਹੁੰਦਾ ਹੈ। ਬਾਕੀ ਆਰਟੀਓ ਦਫਤਰ ’ਚ ਚਾਲਾਨ ਭੁਗਤਾਨ ਦੇ ਕੰਮ ਨੂੰ ਵੀ ਦੇਖਣਾ ਹੁੰਦਾ ਹੈ, ਜਿਸ ਕਾਰਨ ਟ੍ਰੈਕ 'ਤੇ ਕਈ ਵਾਰ ਮੌਜੂਦ ਹੋਣਾ ਸੰਭਵ ਨਹੀਂ ਹੈ।