ਸਟੇਅ ਆਰਡਰ ਦੇ ਬਾਵਜੂਦ ਗੁਆਂਢੀ ਨੇ ਕੰਧ ਢਾਹੀ
ਅਦਾਲਤ ਦੇ ਸਟੇਅ ਆਰਡਰ ਦੇ ਬਾਵਜੂਦ, ਗੁਆਂਢੀ ਨੇ ਕੰਧ ਢਾਹੀ
Publish Date: Tue, 07 Apr 2026 09:21 PM (IST)
Updated Date: Tue, 07 Apr 2026 09:23 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਤਿੰਨ ਦੀ ਹੱਦ ’ਚ ਪੈਂਦੇ ਨਿਊ ਲਕਸ਼ਮੀਪੁਰਾ ਇਲਾਕੇ ’ਚ ਗੁਆਂਢੀਆਂ ਵਿਚਾਲੇ ਹੋਏ ਝਗੜੇ ਨੇ ਹਿੰਸਕ ਤੇ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਇਕ ਧਿਰ ਨੇ ਅਦਾਲਤ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਅਣਦੇਖੀ ਕਰਦਿਆਂ ਨਾ ਸਿਰਫ਼ ਇਕ ਕੰਧ ਢਾਹ ਦਿੱਤੀ, ਸਗੋਂ ਬੇਰਹਿਮੀ ਨਾਲ ਹਮਲਾ ਵੀ ਕੀਤਾ। ਇਸ ਮਾਮਲੇ ’ਚ ਸਖ਼ਤੀ ਕਰਦੇ ਹੋਏ ਥਾਣਾ 3 ਦੀ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 30 ਮਾਰਚ ਸਵੇਰੇ ਸੁਭਾਸ਼ ਅਗਰਵਾਲ ਤੇ ਉਸਦਾ ਪੁੱਤਰ, ਨਿਖਿਲ ਅਗਰਵਾਲ ਵਾਸੀ ਨਿਊ ਲਕਸ਼ਮੀਪੁਰਾ ਘਰ ਤੇ ਉਸਾਰੀ ਦਾ ਕੰਮ ਕਰ ਰਹੇ ਸਨ। ਇਸ ਦੌਰਾਨ, ਉਨ੍ਹਾਂ ਨੇ ਸ਼ਿਕਾਇਤਕਰਤਾ ਅਮਿਤ ਦੇ ਘਰ ਦੀ ਪਿਛਲੀ ਕੰਧ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਜਿਸ ’ਤੇ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਅੰਤਰਿਮ ਸਟੇਅ ਆਰਡਰ ਪਹਿਲਾਂ ਹੀ ਲਾਗੂ ਸੀ। ਮੁਲਜ਼ਮ ਨੇ ਪੰਜ ਅਣਪਛਾਤੇ ਸਾਥੀਆਂ ਦੀ ਸਹਾਇਤਾ ਨਾਲ ਕੰਧ ਢਾਹੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਅਮਿਤ ਨੇ ਕਿਹਾ ਕਿ ਜਦੋਂ ਉਸ ਦੀ ਪਤਨੀ ਨੇ ਇਸ ਸਬੰਧੀ ਇਤਰਾਜ਼ ਪ੍ਰਗਟਾਇਆ ਤਾਂ ਹਮਲਾਵਰਾਂ ਨੇ ਨਾ ਸਿਰਫ਼ ਉਸਦੀ ਪਤਨੀ ਨਾਲ ਦੁਰਵਿਵਹਾਰ ਕਰਦੇ ਹੋਏ ਹਮਲਾ ਕੀਤਾ, ਸਗੋਂ ਕੱਪੜੇ ਵੀ ਪਾੜ ਦਿੱਤੇ। ਹੰਗਾਮਾ ਸੁਣ ਕੇ ਜਦੋਂ ਅਮਿਤ ਤੇ ਉਸ ਦੀ ਬਜ਼ੁਰਗ ਮਾਂ ਦਖਲ ਦੇਣ ਲੱਗੇ ਤਾਂ ਉਨ੍ਹਾਂ ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਮੌਕੇ ਤੋਂ ਭੱਜਣ ਤੋਂ ਪਹਿਲਾਂ ਮੁਲਜ਼ਮ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਥਾਣਾ ਤਿੰਨ ਦੀ ਪੁਲਿਸ ਨੇ ਸ਼ਿਕਾਇਤ ਦੇ ਅਧਾਰ ’ਤੇ ਮੁਲਜ਼ਮਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ। ਘਟਨਾ ਤੋਂ ਬਾਅਦ ਸੁਭਾਸ਼ ਅਗਰਵਾਲ, ਨਿਖਿਲ ਅਗਰਵਾਲ ਤੇ ਉਨ੍ਹਾਂ ਦੇ ਸਾਥੀ ਫਰਾਰ ਹਨ।