ਧਾੜਵੀ ਹੱਲੇ ਖ਼ਿਲਾਫ਼ ਆਵਾਜ਼ ਉਠਾਉਣ ਦਾ ਦਿੱਤਾ ਸੱਦਾ
ਅਮਰੀਕਾ- ਇਜ਼ਰਾਈਲ ਦੇ ਧਾੜਵੀ ਹੱਲੇ ਖ਼ਿਲਾਫ਼ ਆਵਾਜ਼ ਉਠਾਉਣ ਦਾ ਦੇਸ਼ ਭਗਤ ਕਮੇਟੀ ਨੇ ਦਿੱਤਾ ਸੱਦਾ
Publish Date: Mon, 02 Mar 2026 07:30 PM (IST)
Updated Date: Mon, 02 Mar 2026 07:31 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਨੇ ਗ਼ਦਰ ਪਾਰਟੀ ਦੀ ਗੌਰਵਸ਼ਾਲੀ ਕੌਮਾਂਤਰੀ ਦ੍ਰਿਸ਼ਟੀ, ਮਾਨਵੀ ਕਦਰਾਂ ਕੀਮਤਾਂ ਤੇ ਮੁਲਕਾਂ ਦੀ ਕੌਮੀ ਪ੍ਰਭੂਸੱਤਾ ਦੀ ਮਾਣ ਮਰਿਆਦਾ ਬੁਲੰਦ ਰੱਖਣ ਦੀ ਵਿਰਾਸਤ ਨੂੰ ਉਚਿਆਉਂਦੇ ਹੋਏ ਦੇਸ਼ ਤੇ ਦੁਨੀਆਂ ਅੰਦਰ ਵਸਦੇ ਗ਼ਦਰ ਪਾਰਟੀ ਦੇ ਵਾਰਸਾਂ ਨੂੰ ਹਰ ਸੰਭਵ ਢੰਗ ਨਾਲ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਉਪਰ ਮਾਰੂ ਧਾਵਾ ਬੋਲਣ ਤੇ ਦੁਨੀਆਂ ਦੇ ਹਰ ਜਾਗਦੀ ਜ਼ਮੀਰ ਵਾਲੇ ਮੁਲਕਾਂ ਨੂੰ ਡਰਾਉਣ, ਧਮਕਾਉਣ ਤੇ ਉਨਾਂ ਦੇ ਕੌਮੀ ਕੁਦਰਤੀ ਅਨਮੋਲ ਖਜ਼ਾਨੇ ਲੁੱਟਣ ਦੀ ਹਵਸ ’ਚ ਅੰਨ੍ਹੇ ਹੋ ਜਾਣ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਨੰਗੀ ਚਿੱਟੀ ਧੌਸ ਜਮਾਉਣ ਤੇ ਇਰਾਨ ਦੇ ਮਾਲ ਖ਼ਜ਼ਾਨੇ ਹਥਿਆਉਣ ਲਈ ਨਿਰੰਤਰ ਦਬਾਅ ਪਾਏ ਜਾਣ ਅੱਗੇ ਝੁਕਣ ਦੀ ਬਜਾਏ ਨਾਬਰ ਹੋ ਕੇ ਅਮਰੀਕਾ ਕੌਮਾਂਤਰੀ ਠਾਣੇਦਾਰੀ ਨੂੰ ਵੰਗਾਰਨ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਰਾਨ ਦੇ ਲੋਕਾਂ ਨੂੰ ਤੇ ਪੂਰੀ ਦੁਨੀਆਂ ਨੂੰ ਨਹੱਕੀ ਜੰਗ ਦੀ ਅੱਗ ਹਵਾਲੇ ਕਰਨ ਖ਼ਿਲਾਫ਼ ਦੁਨੀਆ ਭਰ ਦੇ ਲੋਕਾਂ ਦਾ ਸੜਕਾਂ ’ਤੇ ਆਉਣਾ ਇਕ ਫ਼ਖ਼ਰ ਯੋਗ ਵਰਤਾਰਾ ਹੈ ਜਿਸਤੇ ਕਮੇਟੀ ਨੇ ਦੁਨੀਆ ਭਰ ਦੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਡਟਣ ਦੀ ਮੁਬਾਰਕਬਾਦ ਦਿੱਤੀ ਹੈ। ਕਮੇਟੀ ਨੇ ਦੋਸ਼ ਲਾਇਆ ਹੈ ਕਿ ਮੋਦੀ, ਅਮਿਤ ਸ਼ਾਹ ,ਭਾਜਪਾ ਹਕੂਮਤ ਧਾੜਵੀ ਅਮਰੀਕਾ ਦੇ ਹੁਕਮਾਂ ਉਪਰ ਫੁੱਲ ਚੜਾਉਂਦੇ ਹੋਏ ਇਰਾਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲਿਆਂ ਉਪਰ ਵੀ ਨਜ਼ਰ ਰੱਖਣ ਦੇ ਫੁਰਮਾਨ ਜਾਰੀ ਕਰ ਰਹੀ ਹੈ ਜਿਨ੍ਹਾਂ ਨੂੰ ਨਕਾਰਦੇ ਹੋਏ ਕਮੇਟੀ ਨੇ ਸਭਨਾਂ ਲੋਕ ਪੱਖੀ ਇਨਸਾਫ਼ ਪਸੰਦ ਤਾਕਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇੱਕਜੁੱਟ ਹੋ ਕੇ ਧਾੜਵੀ ਅਮਰੀਕਾ ਇਜ਼ਰਾਈਲ ਖ਼ਿਲਾਫ਼ ਲੋਕਾਂ ਨੂੰ ਮੈਦਾਨ ’ਚ ਨਿੱਤਰਨ ਦਾ ਸੱਦਾ ਦਿੱਤਾ ਹੈ।