- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬੱਬਰ ਅਕਾਲੀ ਲਹਿਰ ਦਾ ਸ਼ਹੀਦੀ ਸ਼ਤਾਬਦੀ ਵਰ੍ਹਾ ਮਨਾਉਣ ਦਾ ਐਲਾਨ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸਾਮਰਾਜੀ ਦਾਬੇ, ਗੁਲਾਮੀ, ਜ਼ਬਰ-ਜ਼ੁਲਮ, ਲੁੱਟ ਤੇ ਅਨਿਆਂ ਖ਼ਿਲਾਫ਼ ਉੱਠੀਆਂ ਇਨਕਲਾਬੀ ਲਹਿਰਾਂ ’ਚ 1922 ’ਚ ਗਠਿਤ ਬੱਬਰ ਅਕਾਲੀ ਲਹਿਰ ਦੇ ਪਹਿਲੇ ਸ਼ਹੀਦੀ ਸ਼ਤਾਬਦੀ ਵਰ੍ਹੇ (1926–1927) ਨੂੰ ਸਮਰਪਿਤ ਸਮਾਗਮ 27 ਫਰਵਰੀ 2026 ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਪੂਰੇ ਜੋਸ਼-ਖ਼ਰੋਸ਼ ਨਾਲ ਮਨਾਇਆ ਜਾਵੇਗਾ। ਇਸ ਮੌਕੇ ਦੋ ਅਤਿ ਮਹੱਤਵਪੂਰਨ ਤੇ ਸਮਕਾਲੀ ਵਿਸ਼ਿਆਂ ’ਤੇ ਵਿਸਤ੍ਰਿਤ ਵਿਚਾਰ-ਚਰਚਾ ਕਰਵਾਈ ਜਾਵੇਗੀ। ਪਹਿਲਾ ਵਿਸ਼ਾ ਹੋਵੇਗਾ ‘ਬੱਬਰ ਅਕਾਲੀ ਲਹਿਰ ਦੀ ਸਾਡੇ ਸਮਿਆਂ ’ਚ ਪ੍ਰਸੰਗਕਤਾ’, ਜਦਕਿ ਦੂਜਾ ਵਿਸ਼ਾ ‘ਸਾਡੇ ਦੇਸ਼ ਤੇ ਵਿਸ਼ੇਸ਼ ਕਰਕੇ ਪੰਜਾਬ ’ਤੇ ਚੜ੍ਹ ਰਹੀ ਫ਼ਿਰਕੂ ਫਾਸ਼ੀ ਹੱਲੇ ਦੀ ਕਾਗ’ ਰਹੇਗਾ। ਇਨ੍ਹਾਂ ਵਿਸ਼ਿਆਂ ’ਤੇ ਮੁੱਖ ਬੁਲਾਰਿਆਂ ਦੀ ਚੋਣ ਸਬੰਧੀ ਅੰਤਿਮ ਫ਼ੈਸਲਾ 6 ਫਰਵਰੀ ਨੂੰ ਹੋਣ ਵਾਲੀ ਜਨਰਲ ਬਾਡੀ ਮੀਟਿੰਗ ’ਚ ਕੀਤਾ ਜਾਵੇਗਾ। ਕਮੇਟੀ ਨੇ ਵਿਚਾਰ-ਵਟਾਂਦਰੇ ਉਪਰੰਤ ਕਿਹਾ ਕਿ ਬੱਬਰ ਅਕਾਲੀ ਲਹਿਰ ਦਾ ਸ਼ਹਾਦਤਾਂ ਭਰਿਆ ਇਤਿਹਾਸ ਇਸ ਗੱਲ ਦਾ ਸਾਫ਼ ਗਵਾਹ ਹੈ ਕਿ ਬਦੇਸ਼ੀ ਸਾਮਰਾਜਵਾਦ ਤੇ ਉਸ ਦੀਆਂ ਦੇਸੀ ਸੇਵਾਦਾਰ ਤਾਕਤਾਂ ਦੇ ਭਾਰੀ ਜ਼ੁਲਮ ਦੇ ਬਾਵਜੂਦ ਬੱਬਰ ਅਕਾਲੀਆਂ ਨੇ ਸੀਸ ਤਲੀ ’ਤੇ ਧਰ ਕੇ ਸੰਘਰਸ਼ ਕੀਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸੰਦੇਸ਼ ਛੱਡਿਆ ਕਿ ਗੁਲਾਮੀ, ਦਾਬੇ, ਲੁੱਟ, ਵਿਤਕਰੇ, ਅਨਿਆਂ ਤੇ ਜ਼ਬਰ ਅੱਗੇ ਕਦੇ ਝੁਕਣ ਦੀ ਲੋੜ ਨਹੀਂ। ਬੋਰਡ ਆਫ਼ ਟਰੱਸਟ ਨੇ ਸਭਿਆਚਾਰਕ ਵਿੰਗ ਵੱਲੋਂ ਤਜਵੀਜ਼ ਕੀਤੇ ਪ੍ਰੋਗਰਾਮਾਂ ਦੇ ਖ਼ਾਕੇ ਨੂੰ ਸਹਿਮਤੀ ਦਿੱਤੀ ਹੈ। ਇਸ ਤਹਿਤ 1926 ਦੇ ਵਰ੍ਹੇ ਨੂੰ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਵਜੋਂ ਮਨਾਇਆ ਜਾਵੇਗਾ। 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਹਾੜਾ, 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਨ ’ਤੇ ਸ਼ਰਧਾਂਜਲੀ ਸਮਾਗਮ, 27 ਮਾਰਚ ਨੂੰ ਵਿਸ਼ਵ ਰੰਗ ਮੰਚ ਦਿਹਾੜਾ ਤੇ 21 ਅਪ੍ਰੈਲ ਨੂੰ ਗ਼ਦਰ ਪਾਰਟੀ ਦੇ ਸਥਾਪਨਾ ਦਿਹਾੜੇ ਸਬੰਧੀ ਸਮਾਗਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਕੰਪਲੈਕਸ ਅੰਦਰ ਲੋੜੀਂਦੇ ਵਿਕਾਸ ਤੇ ਸੰਭਾਲ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਹਨ। ਮੀਟਿੰਗ ਦੌਰਾਨ ਸਭਿਆਚਾਰਕ ਵਿੰਗ, ਇਤਿਹਾਸ, ਮਿਊਜ਼ੀਅਮ, ਲਾਇਬ੍ਰੇਰੀ, ਦੇਖ-ਰੇਖ, ਆਡਿਟ ਤੇ ਖਰੀਦੋ-ਫ਼ਰੋਖ਼ਤ ਕਮੇਟੀਆਂ ਦੀਆਂ ਮੀਟਿੰਗਾਂ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਮੀਟਿੰਗ ਦੇ ਅਖੀਰ ’ਚ ਵਿਦਵਾਨ ਲੇਖਕ ਗਿਆਨ ਰੰਜਨ, ਵਰਿੰਦਰ ਯਾਦਵ, ਵਿਨੋਦ ਕੁਮਾਰ ਸ਼ੁਕਲਾ, ਐਡਵੋਕੇਟ ਦਿਲਜੋਤ, ਹਰਜੋਤ ਤੁੰਗਾ (ਸੰਗਰੂਰ), ਹਰਬੰਸ ਸਿੰਘ ਅਕਸ਼, ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਬਰਾੜ ਤੇ ਸ਼ਗਨਪ੍ਰੀਤ ਜਿਉਂਦ ਦੀ ਮਾਤਾ ਗੁਰਮੇਲ ਕੌਰ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ।