ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਦੀ ਯਕੀਨੀ ਹੋਵੇ ਰਜਿਸਟ੍ਰੇਸ਼ਨ : ਡੀਸੀ
ਡਿਪਟੀ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ਦੇ ਹਰੇਕ ਪਰਿਵਾਰ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੀ ਹਦਾਇਤ
Publish Date: Sat, 28 Feb 2026 07:04 PM (IST)
Updated Date: Sat, 28 Feb 2026 07:07 PM (IST)

-ਇਨਰੋਲਮੈਂਟ ਦਾ ਲਿਆ ਜਾਇਜ਼ਾ, ਸਕੀਮ ਦਾ ਲਾਭ ਲੈਣ ਲਈ ਜ਼ਿਲ੍ਹਾ ਵਾਸੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਕੀਤੀ ਅਪੀਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ’ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਇਨਰੋਲਮੈਂਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਹਰੇਕ ਪਰਿਵਾਰ ਦੀ ਸਕੀਮ ਤਹਿਤ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਿਹਤ ਸੁਰੱਖਿਆ ਦਾ ਲਾਭ ਹਰੇਕ ਤੱਕ ਪਹੁੰਚ ਸਕੇ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਜ) ਦਿਵਿਆ ਪੀ ਸਮੇਤ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਐੱਸਡੀਐੱਮਜ਼ ਨੂੰ ਹਦਾਇਤ ਕੀਤੀ ਕਿ ਆਪੋ-ਆਪਣੇ ਅਧਿਕਾਰ ਖੇਤਰ ’ਚ ਆਸ਼ਾ ਵਰਕਰਾਂ, ਐੱਨਜੀਓਜ਼ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰਕੇ ਰਜਿਸਟ੍ਰੇਸ਼ਨ ਦੇ ਕੰਮ ’ਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਜ਼ਿਲ੍ਹੇ ਦੇ ਹਰੇਕ ਪਰਿਵਾਰ ਨੂੰ ਇਸ ਯੋਜਨਾ ਤਹਿਤ ਕਵਰ ਕੀਤਾ ਜਾ ਸਕੇ। ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ 490 ਸੀਐੱਸਸੀ ਕੇਂਦਰਾਂ ਤੋਂ ਇਲਾਵਾ ਸੇਵਾ ਕੇਂਦਰਾਂ ਰਾਹੀਂ ਰੋਜ਼ਾਨਾ ਵਿਸ਼ੇਸ਼ ਕੈਂਪ ਲਗਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਸਾਲਾਨਾ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਰਡ ਬਣਾਉਣ ਲਈ ਆਧਾਰ ਕਾਰਡ (ਮੋਬਾਇਲ ਨੰਬਰ ਨਾਲ ਲਿੰਕ), ਵੋਟਰ ਕਾਰਡ ਤੇ ਨਾਬਾਲਗ ਬੱਚਿਆਂ ਲਈ ਜਨਮ ਸਰਟੀਫਿਕੇਟ ਜ਼ਰੂਰੀ ਹੈ। ਕਾਰਡ ਬਣਾਉਣ ਲਈ ਘੱਟੋ-ਘੱਟ ਦੋ ਪਰਿਵਾਰਕ ਮੈਂਬਰ ਮੌਜੂਦ ਹੋਣੇ ਚਾਹੀਦੇ ਹਨ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ, ਸਿਹਤ ਵਿਭਾਗ, ਕਾਮਨ ਸਰਵਿਸ ਸੈਂਟਰਾਂ, ਸੇਵਾ ਕੇਂਦਰਾਂ ਤੇ ਹੋਰ ਸਬੰਧਤ ਵਿਭਾਗਾਂ ਨੂੰ ਹੋਰ ਬਿਹਤਰ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਲੋਕ-ਹਿਤੂ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਦੇਰੀ ਤੋਂ ਆਪਣੇ ਨੇੜਲੇ ਸੀਐੱਸਸੀ ਤੇ ਵਿਸ਼ੇਸ਼ ਕੈਂਪਾਂ ਰਾਹੀਂ ਰਜਿਸਟ੍ਰੇਸ਼ਨ ਕਰਵਾ ਕੇ ਇਸ ਯੋਜਨਾ ਦਾ ਲਾਭ ਲੈਣ ਤੇ ਆਪਣੇ ਪਰਿਵਾਰਾਂ ਨੂੰ ਸਿਹਤ ਸੁਰੱਖਿਆ ਦਾ ਲਾਭ ਦਿਵਾਉਣ। ਮੀਟਿੰਗ ’ਚ ਸਹਾਇਕ ਕਮਿਸ਼ਨਰ (ਯੂਟੀ) ਮੁਕਿਲਨ ਆਰ, ਸਮੂਹ ਐੱਸਡੀਐੱਮਜ਼, ਸਿਵਲ ਸਰਜਨ ਡਾ. ਰਾਜੇਸ਼ ਗਰਗ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।