ਗੈਸ ਏਜੰਸੀ ਅੱਗੇ ਜਮਹੂਰੀ ਕਿਸਾਨ ਸਭਾ ਦਾ ਪ੍ਰਦਰਸ਼ਨ
ਗੈਸ ਏਜੰਸੀ ਅੱਗੇ ਜਮਹੂਰੀ ਕਿਸਾਨ ਸਭਾ ਦਾ ਪ੍ਰਦਰਸ਼ਨ
Publish Date: Thu, 26 Mar 2026 10:34 PM (IST)
Updated Date: Thu, 26 Mar 2026 10:38 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਮਹੂਰੀ ਕਿਸਾਨ ਸਭਾ ਵੱਲੋਂ ਗੈਸ ਸਿਲੰਡਰਾਂ ਦੀ ਬੁਕਿੰਗ ਨਾ ਹੋਣ ਤੇ ਡਲਿਵਰੀ ’ਚ ਹੋ ਰਹੀ ਦੇਰੀ ਦੇ ਵਿਰੋਧ ’ਚ ਬਿਲਗਾ ਗੈਸ ਏਜੰਸੀ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਕਾਮਰੇਡ ਸੰਤੋਖ ਸਿੰਘ ਨੇ ਕਿਹਾ ਕਿ ਖਾੜੀ ਦੇਸ਼ਾਂ ’ਚ ਚੱਲ ਰਹੇ ਤਣਾਅ ਤੇ ਵਧ ਰਹੀ ਮਹਿੰਗਾਈ ਕਾਰਨ ਇਸ ਤਰ੍ਹਾਂ ਦੀ ਸਥਿਤੀ ਬਣ ਸਕਦੀ ਹੈ ਪਰ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ’ਚ ਰੁਕਾਵਟ ਗੰਭੀਰ ਮਸਲਾ ਹੈ। ਉਨ੍ਹਾਂ ਦੱਸਿਆ ਕਿ ਏਜੰਸੀ ਵੱਲੋਂ ਦਿੱਤੇ ਬੁਕਿੰਗ ਨੰਬਰਾਂ ਤੇ ਗੈਸ ਸੇਵਾ ਉਪਲੱਬਧ ਨਹੀਂ ਹੋ ਰਹੀ, ਜਿਸ ਨਾਲ ਖਪਤਕਾਰ ਪਰੇਸ਼ਾਨ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਇੱਥੇ ਪੱਕਾ ਧਰਨਾ ਲਾ ਕੇ ਏਜੰਸੀ ਨੂੰ ਖੁੱਲ੍ਹਣ ਨਹੀਂ ਦੇਣਗੇ। ਦੂਜੇ ਪਾਸੇ, ਗੈਸ ਏਜੰਸੀ ਦੇ ਮਾਲਕ ਤਰਨਵੀਰ ਸਿੰਘ ਨੇ ਦਾਅਵਾ ਕੀਤਾ ਕਿ ਗੈਸ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਚਾਨਕ ਵੱਧ ਗਈ ਬੁਕਿੰਗ ਕਾਰਨ ਸਰਵਰ ਸਲੋਅ ਹੋ ਗਿਆ ਸੀ, ਜਿਸ ਕਰ ਕੇ ਦਿੱਕਤ ਆਈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਹੋਰ ਦੋ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਬੁਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਅਨੁਸਾਰ ਜਿਨ੍ਹਾਂ ਖਪਤਕਾਰਾਂ ਨੇ ਪਿਛਲੇ ਛੇ ਮਹੀਨਿਆਂ ’ਚ ਬੁਕਿੰਗ ਨਹੀਂ ਕਰਵਾਈ, ਉਨ੍ਹਾਂ ਦੀ ਕੇਵਾਈਸੀ ਪ੍ਰਕਿਰਿਆ ਕਾਰਨ ਕੁਝ ਦੇਰੀ ਹੋ ਰਹੀ ਹੈ ਪਰ ਉਨਾਂ ਦੀ ਸੇਵਾ ਵੀ ਮੁੜ ਚਾਲੂ ਕੀਤੀ ਜਾ ਰਹੀ ਹੈ ਤੇ 2 ਤੋਂ 3 ਦਿਨਾਂ ’ਚ ਸਿਲੰਡਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਤਰਨਵੀਰ ਸਿੰਘ ਨੇ ਇਹ ਵੀ ਕਿਹਾ ਕਿ ਧਰਨੇ ’ਤੇ ਬੈਠੇ ਕਈ ਲੋਕਾਂ ਦੇ ਘਰ ਪਹਿਲਾਂ ਹੀ ਸਿਲੰਡਰ ਪਹੁੰਚ ਚੁੱਕੇ ਹਨ ਤੇ ਬਿਨਾਂ ਵਜ੍ਹਾ ਮਸਲਾ ਬਣਾਇਆ ਜਾ ਰਿਹਾ ਹੈ।