ਨਵੇਂ ਉਦਯੋਗਿਕ ਪਾਰਕਾਂ ਦਾ ਐਲਾਨ ਕਰੇ ਸਰਕਾਰ : ਸ਼ਰਮਾ
ਪੰਜਾਬ ਸਰਕਾਰ ਦੇ ਬਜਟ ’ਚ ਉਦਯੋਗਾਂ ਦੀਆਂ ਮੰਗਾਂ, ਵਿਸ਼ੇਸ਼
Publish Date: Tue, 03 Mar 2026 07:13 PM (IST)
Updated Date: Tue, 03 Mar 2026 07:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਜੀਨੀਅਰਿੰਗ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਫੈਡਰੇਸ਼ਨ ਆਫ ਇੰਡਸਟਰੀ ਐਂਡ ਟ੍ਰੇਡ ਦੇ ਕੋਆਰਡੀਨੇਟਰ ਸੁਨੀਲ ਸ਼ਰਮਾ ਨੇ ਇਕ ਮਹੱਤਵਪੂਰਨ ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਬਜਟ ’ਚ ਉਦਯੋਗਾਂ ਨਾਲ ਸਬੰਧਤ ਮੰਗਾਂ ਨੂੰ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਦਯੋਗਿਕ ਇਲਾਕਿਆਂ ’ਚ ਸੜਕਾਂ, ਸੀਵਰੇਜ ਤੇ ਹੋਰ ਬੁਨਿਆਦੀ ਢਾਂਚੇ ਦੀ ਹਾਲਤ ਕਾਫੀ ਖਰਾਬ ਹੈ। ਇਸ ਨੂੰ ਸੁਧਾਰਣ ਲਈ ਵਿਸ਼ੇਸ਼ ਇੰਡਸਟਰੀਅਲ ਇੰਫ੍ਰਾਸਟਰਕਚਰ ਫੰਡ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ। ਕਈ ਉਦਯੋਗਿਕ ਖੇਤਰ ਵਿਕਸਿਤ ਹੋਣ ਦੇ ਬਾਵਜੂਦ ਆਧਾਰਭੂਤ ਸੁਵਿਧਾਵਾਂ ਤੋਂ ਵਾਂਝੇ ਹਨ, ਜਿਸ ਨਾਲ ਉਤਪਾਦਨ ਤੇ ਲਾਜਿਸਟਿਕ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੀ ਕ੍ਰੇਡਿਟ ਲਿੰਕਡ ਸਬਸਿਡੀ ਸਕੀਮ ਦੀ ਤਰਜ਼ ’ਤੇ ਪੰਜਾਬ ਸਰਕਾਰ ਵੱਲੋਂ ਫਿਕਸਡ ਕੈਪਿਟਲ ਨਿਵੇਸ਼ ’ਤੇ 30 ਫੀਸਦੀ ਨਕਦ ਸਬਸਿਡੀ ਦੇਣ ਦੀ ਵੀ ਮੰਗ ਕੀਤੀ, ਤਾਂ ਜੋ ਨਿਵੇਸ਼ ਨੂੰ ਹੁਲਾਰਾ ਮਿਲੇ ਤੇ ਉਦਯੋਗ ਮਜ਼ਬੂਤ ਹੋਣ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਹਾਲ ਹੀ ’ਚ ਲਗਭਗ ਇਕ ਲੱਖ ਕਰੋੜ ਰੁਪਏ ਦੇ ਨਵੇਂ ਨਿਵੇਸ਼ਾਂ ਦੇ ਐਲਾਨ ਹੋਏ ਹਨ, ਜੋ ਸਰਕਾਰ ਦੇ ਯਤਨਾਂ ਦਾ ਨਤੀਜਾ ਹਨ। ਉਨ੍ਹਾਂ ਉਮੀਦ ਜਤਾਈ ਕਿ ਵੱਡੀਆਂ ਇੰਡਸਟਰੀਆਂ ਦੇ ਨਾਲ ਸਹਾਇਕ ਇਕਾਈਆਂ ਵੀ ਵਿਕਸਤ ਹੋਣਗੀਆਂ, ਜਿਸ ਨਾਲ ਰੁਜ਼ਗਾਰ ਤੇ ਸਪਲਾਈ ਚੇਨ ਨੂੰ ਮਜ਼ਬੂਤੀ ਮਿਲੇਗੀ। ਹਾਲਾਂਕਿ, ਉਨ੍ਹਾਂ ਚਿੰਤਾ ਜਤਾਈ ਕਿ ਜਲੰਧਰ ਲਈ ਅਜੇ ਤੱਕ ਕੋਈ ਨਵਾਂ ਇੰਡਸਟਰੀਅਲ ਪਾਰਕ ਐਲਾਨਿਆ ਨਹੀਂ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲੰਧਰ ’ਚ ਨਵੇਂ ਉਦਯੋਗਿਕ ਪਾਰਕਾਂ ਦਾ ਐਲਾਨ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਨਿਵੇਸ਼ ਦਾ ਪੂਰਾ ਲਾਭ ਖੇਤਰ ਨੂੰ ਮਿਲ ਸਕੇ। ਮੀਟਿੰਗ ’ਚ ਰਾਜੀਵ ਜੈਰਥ (ਵਾਈਸ ਪ੍ਰਧਾਨ), ਸੰਦੀਪ ਸ਼ਾਰਦਾ, ਗੌਤਮ ਸ਼ਰਮਾ, ਅਰੁਣ ਸ਼ਰਮਾ, ਅਜੈ ਅਗਰਵਾਲ, ਰਾਜੇਸ਼ ਸੇਠ, ਸੌਰਭ ਮਹਤਾ, ਯੋਗੇਸ਼ ਭੱਲਾ, ਹਿਮਾਂਸ਼ੂ ਜੈਰਥ ਤੇ ਨਵਦੀਪ ਸ਼ਾਰਦਾ ਸਮੇਤ ਹੋਰ ਮੈਂਬਰ ਹਾਜ਼ਰ ਸਨ।