- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਫ਼ ਪਾਣੀ ਲਈ ਖ਼ਰਾਬ ਪਾਈਪਾਂ ਨੂੰ ਬਦਲਣ ਦੀ ਮੰਗ, ਸਿਰਫ਼ ਸਰਕਾਰ ’ਤੇ ਭਰੋਸਾ ਨਾ ਰਹੇ, ਲੋਕ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ

- ਸਿਰਫ਼ ਸਰਕਾਰ ’ਤੇ ਭਰੋਸਾ ਨਾ ਰਹੇ, ਲੋਕ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ
- ਪੰਜਾਬੀ ਜਾਗਰਣ ਦੇ ਪਾਠਕ ਪੈਨਲ ’ਚ ਮਾਹਿਰਾਂ ਨੇ ਰੱਖੇ ਆਪਣੇ ਵਿਚਾਰ, ਸਾਫ਼ ਪਾਣੀ ਦੀ ਸਪਲਾਈ ਲਈ ਦਿੱਤੇ ਸੁਝਾਅ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਗੰਦੇ ਪਾਣੀ ਦੀ ਸਪਲਾਈ ਨੂੰ ਲੈ ਕੇ ਲੋਕਾਂ ਦੀ ਰਾਏ ਹੈ ਕਿ ਪੀਣ ਵਾਲੇ ਪਾਣੀ ਦੀ ਖ਼ਰਾਬ ਹੋ ਚੁੱਕੀ ਪਾਈਪਲਾਈਨ ਨੂੰ ਬਦਲਣ ਦੀ ਲੋੜ ਹੈ। ਜਾਗਰਣ ਗਰੁੱਪ ਦੇ ਪਾਠਕ ਪੈਨਲ ਨੇ ਗੰਦੀ ਪੀਣਯੋਗ ਪਾਣੀ ਸਪਲਾਈ ਦੇ ਕਾਰਨਾਂ, ਇਸ ਨਾਲ ਪ੍ਰਭਾਵਿਤ ਲੋਕਾਂ ਤੇ ਸਿਸਟਮ ’ਚ ਸੁਧਾਰ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਚਰਚਾ ’ਚ ਡਾਕਟਰ, ਵਕੀਲ, ਸੇਵਾਮੁਕਤ ਅਧਿਕਾਰੀ, ਸਮਾਜ ਸੇਵੀ ਸਮੇਤ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਲ ਹੋਏ। ਚਰਚਾ ਦੌਰਾਨ ਗੰਦੀ ਪੀਣਯੋਗ ਪਾਣੀ ਸਪਲਾਈ ਲਈ ਨਗਰ ਨਿਗਮ ਦੇ ਖ਼ਰਾਬ ਸਿਸਟਮ, ਜਨਤਾ ਤੇ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਸੁਧਾਰ ਲਈ ਸਰਕਾਰ ਨੂੰ ਜ਼ਿੰਮੇਵਾਰੀ ਲੈਣ, ਸਖ਼ਤੀ ਕਰਨ ਤੇ ਮੁਫ਼ਤਖੋਰੀ ਸਿਸਟਮ ਖ਼ਤਮ ਕਰਨ ’ਤੇ ਜ਼ੋਰ ਦਿੱਤਾ ਗਿਆ। ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੀਆਂ ਖ਼ਰਾਬ ਪਾਈਪਾਂ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਗਈ। ਜਿੱਥੇ ਸੀਵਰੇਜ ਦੀਆਂ ਪਾਈਪਾਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੇ ਨੇੜਿਓਂ ਲੰਘਦੀਆਂ ਹਨ, ਉਨ੍ਹਾਂ ਨੂੰ ਦੂਰ-ਦੂਰ ਕਰਨ ਦੀ ਮੰਗ ਵੀ ਉਠਾਈ ਗਈ। ਸੀਵਰੇਜ ਸਿਸਟਮ ਨੂੰ ਬਿਹਤਰ ਬਣਾਉਣ ਦੀ ਲੋੜ ਸਭ ਤੋਂ ਵੱਧ ਦੱਸੀ ਗਈ, ਕਿਉਂਕਿ ਗੰਦੀ ਪਾਣੀ ਸਪਲਾਈ ਦਾ ਵੱਡਾ ਕਾਰਨ ਸੀਵਰ ਜਾਮ ਹੋਣਾ ਹੀ ਹੈ।
ਪਾਠਕ ਪੈਨਲ ’ਚ ਸ਼ਾਮਲ ਆਮ ਵਰਗ, ਕਾਨੂੰਨੀ ਮਾਹਿਰਾਂ, ਸਮਾਜ ਸੇਵੀਆਂ ਤੇ ਸੇਵਾਮੁਕਤ ਅਧਿਕਾਰੀਆਂ ਨੇ ਕਿਹਾ ਕਿ ਸਿਰਫ਼ ਸਰਕਾਰ ’ਤੇ ਜ਼ਿੰਮੇਵਾਰੀ ਛੱਡਣ ਨਾਲ ਗੱਲ ਨਹੀਂ ਬਣੇਗੀ। ਲੋਕਾਂ ਨੂੰ ਖੁਦ ਵੀ ਜ਼ਿੰਮੇਵਾਰੀ ਲੈਣੀ ਪਵੇਗੀ। ਪਾਣੀ ਨਾਲ ਜੁੜੀ ਹਰ ਸਮੱਸਿਆ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਲੋਕਾਂ ਦੀ ਆਪਣੀ ਵੀ ਹੈ। ਸਮਾਜ ਸੇਵਕਾਂ ਨੇ ਕਿਹਾ ਕਿ ਪਾਣੀ ’ਚ ਗੰਦਗੀ ਸੁੱਟਣ ਤੇ ਸੀਵਰੇਜ ਸਿਸਟਮ ਨੂੰ ਜਾਮ ਕਰਨ ਲਈ ਲੋਕ ਖੁਦ ਜ਼ਿੰਮੇਵਾਰ ਹਨ। ਲੋਕਾਂ ਨੂੰ ਆਪਣਾ ਵਿਹਾਰ ਵੀ ਸੁਧਾਰਨਾ ਹੋਵੇਗਾ। ਸਰਕਾਰੀ ਦਫ਼ਤਰਾਂ ਤੇ ਸਬੰਧਤ ਵਿਭਾਗਾਂ ਨੂੰ ਵੀ ਆਪਣੀ ਕਾਰਗੁਜ਼ਾਰੀ ’ਚ ਸੁਧਾਰ ਲਿਆਉਣਾ ਚਾਹੀਦਾ ਹੈ। ਗੰਦੇ ਪਾਣੀ ਦੀਆਂ ਸ਼ਿਕਾਇਤਾਂ ’ਚ ਸਿਫ਼ਾਰਸ਼ਾਂ ਦੀ ਬਜਾਏ ਲੋਕਹਿੱਤ ਨੂੰ ਪਹਿਲ ਦੇਣੀ ਚਾਹੀਦੀ ਹੈ। ਪੂਰੇ ਸਿਸਟਮ ਨੂੰ ਰਾਜਨੀਤਕ ਦਬਾਅ ਤੋਂ ਅਲੱਗ ਕਰਨ ਦੀ ਮੰਗ ਵੀ ਚਰਚਾ ’ਚ ਸ਼ਾਮਲ ਲੋਕਾਂ ਨੇ ਕੀਤੀ। ਸਮਾਜ ਸੇਵਕਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਲੋਕਾਂ ਨੂੰ ਜਾਗਰੂਕ ਕਰਨ ਤੇ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਲਈ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ‘ਪੰਜਾਬੀ ਜਾਗਰਣ’ ਦੀ ਪਹਿਲ ’ਤੇ ਉਹ ਖੁਦ ਇਸ ਅਭਿਆਨ ’ਚ ਸ਼ਾਮਲ ਹੋਣ ਲਈ ਤਿਆਰ ਹਨ। ਚਰਚਾ ’ਚ ਸ਼ਾਮਲ ਡਾਕਟਰ ਨੇ ਕਿਹਾ ਕਿ ਤੁਰੰਤ ਬਚਾਅ ਲਈ ਲੋਕਾਂ ਨੂੰ ਪਾਣੀ ਉਬਾਲ ਕੇ ਹੀ ਪੀਣਾ ਚਾਹੀਦਾ ਹੈ। ਉਬਾਲਿਆ ਪਾਣੀ ਪੀਣ ਨਾਲ ਇਸ ’ਚ ਸਾਰੇ ਮਿਨਰਲ ਬਣੇ ਰਹਿੰਦੇ ਹਨ, ਜਦਕਿ ਆਰਓ ਨਾਲ ਸਾਫ਼ ਕੀਤੇ ਪਾਣੀ ’ਚੋਂ ਕਈ ਮਿਨਰਲ ਨਿਕਲ ਜਾਂਦੇ ਹਨ। ਪਾਵਰਕਾਮ ਤੋਂ ਰਿਟਾਇਰ ਅਧਿਕਾਰੀ ਨੇ ਕਿਹਾ ਕਿ ਸ਼ਹਿਰ ’ਚ ਅਜੇ ਵੀ ਅਜਿਹੀਆਂ ਉਦਯੋਗਿਕ ਇਕਾਈਆਂ ਨੂੰ ਪਾਣੀ ਦੇ ਕਨੈਕਸ਼ਨ ਦਿੱਤੇ ਜਾ ਰਹੇ ਹਨ ਜੋ ਪਾਣੀ ਨੂੰ ਪ੍ਰਦੂਸ਼ਿਤ ਕਰਨ ਲਈ ਜ਼ਿੰਮੇਵਾਰ ਹਨ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਕਾਨੂੰਨੀ ਮਾਹਿਰ ਨੇ ਕਿਹਾ ਕਿ ਪਾਣੀ ਨੂੰ ਗੰਦਾ ਕਰਨ ’ਤੇ ਸਜ਼ਾ ਦਾ ਪ੍ਰਾਵਧਾਨ ਹੋਣਾ ਚਾਹੀਦਾ ਹੈ। ਕਾਨੂੰਨੀ ਕਾਰਵਾਈ ਨਾਲ ਹੀ ਸਿਸਟਮ ’ਚ ਬਦਲਾਅ ਆ ਸਕਦਾ ਹੈ। ਇਸ ਮਸਲੇ ਨੂੰ ਵੋਟ ਬੈਂਕ ਦੀ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ।
-----------------------
ਮੁਫ਼ਤ ਪਾਣੀ ਨਾ ਦਿੱਤਾ ਜਾਵੇ
ਵੋਟਾਂ ਲਈ ਪਾਣੀ ਮੁਫ਼ਤ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਲੋਕ ਪਾਣੀ ਦੀ ਬਰਬਾਦੀ ਕਰਦੇ ਹਨ। ਸਭ ਤੋਂ ਪਾਣੀ ਦਾ ਬਿੱਲ ਲਿਆ ਜਾਵੇ। ਬਿੱਲ ਘੱਟ ਹੋ ਸਕਦਾ ਹੈ ਪਰ ਮੁਫ਼ਤ ਨਹੀਂ ਹੋਣਾ ਚਾਹੀਦਾ। ਬਿੱਲਾਂ ਤੋਂ ਆਉਣ ਵਾਲੀ ਰਕਮ ਸਾਫ਼ ਪਾਣੀ ਦੀ ਸਪਲਾਈ ’ਤੇ ਖਰਚੀ ਜਾਵੇ। ਨਵੀਆਂ ਪਾਈਪਾਂ ਪਾਈਆਂ ਜਾਣ। ਜਿੱਥੇ ਸੀਵਰੇਜ ਤੇ ਪਾਣੀ ਦੀਆਂ ਪਾਈਪਾਂ ਇਕੱਠੇ ਹਨ, ਉੱਥੇ ਸੁਧਾਰ ਕੀਤਾ ਜਾਵੇ। ਪੰਜਾਬ ’ਚ ਧਾਨ ਦੀ ਫ਼ਸਲ ਨਾਲ ਪਾਣੀ ਦੀ ਬਰਬਾਦੀ ਹੋ ਰਹੀ ਹੈ। ਇਹ ਪੰਜਾਬ ਦੀ ਮੂਲ ਫ਼ਸਲ ਨਹੀਂ। ਮਾਲਵਾ ਬੈਲਟ ’ਚ ਪਾਣੀ ਕਾਰਣ ਕੈਂਸਰ ਫੈਲ ਰਿਹਾ ਹੈ। ਗੰਦੀ ਪੀਣਯੋਗ ਪਾਣੀ ਸਪਲਾਈ ਸਿਰਫ਼ ਸ਼ਹਿਰਾਂ ਤੱਕ ਸੀਮਿਤ ਨਹੀਂ, ਪਿੰਡ ਵੀ ਇਸ ਨਾਲ ਪ੍ਰਭਾਵਿਤ ਹਨ।
------------------------
ਸਰਫੇਸ ਵਾਟਰ ਪ੍ਰੋਜੈਕਟ ਨਾਲ ਮਿਲੇਗੀ ਰਾਹਤ
ਪਾਠਕ ਪੈਨਲ ’ਚ ਚਰਚਾ ਦੌਰਾਨ ਸ਼ਹਿਰ ’ਚ ਸਤਲੁਜ ਦਰਿਆ ਦਾ ਪਾਣੀ 24 ਘੰਟੇ ਪੀਣ ਲਈ ਸਪਲਾਈ ਕਰਨ ਵਾਲੇ ਪ੍ਰੋਜੈਕਟ ਦੀ ਸਰਾਹਣਾ ਕੀਤੀ ਗਈ। ਮਾਹਿਰਾਂ ਨੇ ਕਿਹਾ ਕਿ ਸਰਕਾਰ ਸਰਫੇਸ ਵਾਟਰ ਪ੍ਰੋਜੈਕਟ ਲਿਆ ਰਹੀ ਹੈ। ਇਸ ਨਾਲ ਲੋਕਾਂ ਨੂੰ ਸਾਫ਼ ਪਾਣੀ ਮਿਲੇਗਾ ਤੇ ਜ਼ਮੀਨੀ ਪਾਣੀ ਵੀ ਬਚੇਗਾ। ਪ੍ਰੋਜੈਕਟ ਸ਼ੁਰੂ ਹੋਣ ’ਤੇ ਲੋਕਾਂ ਨੂੰ ਇਹ ਵੀ ਜਾਗਰੂਕ ਕਰਨਾ ਪਵੇਗਾ ਕਿ ਉਹ ਕਾਰਾਂ ਤੇ ਸੜਕਾਂ ਧੋਣ ਲਈ ਇਹ ਪਾਣੀ ਵਰਤੋਂ ਨਾ ਕਰਨ। ਰੋਜ਼ਾਨਾ ਵਰਤੋਂ ਲਈ ਪਾਣੀ ਦੀ ਖਪਤ ’ਤੇ ਸੀਮਾ ਤੈਅ ਹੋਣੀ ਚਾਹੀਦੀ ਹੈ। ਟ੍ਰੀਟਮੈਂਟ ਕੀਤਾ ਪਾਣੀ ਵੀ ਦੁਬਾਰਾ ਵਰਤਿਆ ਜਾਣਾ ਚਾਹੀਦਾ ਹੈ।
-----------------------
ਬਿਲਡਿੰਗ ਬਾਈਲਾਜ਼ ਦੀ ਪਾਲਣਾ ਲਾਜ਼ਮੀ
ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਨਿਯਮਾਂ ਅਨੁਸਾਰ ਨਕਸ਼ਾ ਪਾਸ ਕਰਦੇ ਸਮੇਂ ਇਹ ਸ਼ਰਤ ਹੁੰਦੀ ਹੈ ਕਿ ਇਮਾਰਤ ’ਚ ਵਾਟਰ ਹਾਰਵੈਸਟਿੰਗ ਸਿਸਟਮ ਲਾਜ਼ਮੀ ਹੋਵੇ ਤੇ ਨਿਰਮਾਣ ’ਚ ਟ੍ਰੀਟਮੈਂਟ ਪਲਾਂਟ ਦਾ ਸਾਫ਼ ਕੀਤਾ ਪਾਣੀ ਵਰਤਿਆ ਜਾਵੇ, ਪਰ ਅਸਲ ’ਚ ਇਹ ਨਹੀਂ ਹੋ ਰਿਹਾ। ਨਿਗਮ ਨੂੰ ਇਹ ਨਿਯਮ ਸਖ਼ਤੀ ਨਾਲ ਲਾਗੂ ਕਰਨੇ ਚਾਹੀਦੇ ਹਨ। ਬਿਜਲੀ ਤੇ ਪਾਣੀ ਦੇ ਕਨੈਕਸ਼ਨ ਜਾਰੀ ਕਰਨ ਤੋਂ ਪਹਿਲਾਂ ਪੂਰੀ ਜਾਂਚ ਹੋਵੇ। ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਨੂੰ ਕਾਰਵਾਈ ਦੇ ਦਾਇਰੇ ’ਚ ਲਿਆਂਦਾ ਜਾਵੇ।
-----------------------
ਇਹ ਵਿਚਾਰ ਆਏ ਸਾਹਮਣੇ
* ਵੱਡੀ ਗਿਣਤੀ ’ਚ ਅਜਿਹੇ ਲੋਕਾਂ ਨੂੰ, ਜੋ ਸਾਫ਼ ਪਾਣੀ ਦੀ ਮਹੱਤਤਾ ਤੋਂ ਅਣਜਾਣ ਹਨ, ਗੰਦੀ ਪੀਣਯੋਗ ਪਾਣੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਅਭਿਆਨ ਚਲਾਇਆ ਜਾਵੇ।
* ਲੋਕ ਖੁਦ ਵੀ ਗੰਦਗੀ ਨਾ ਫੈਲਾਉਣ। ਪਾਣੀ ’ਚ ਕੂੜਾ, ਪਲਾਸਟਿਕ, ਕੇਮੀਕਲ ਤੇ ਸਿਹਤ ਲਈ ਹਾਨੀਕਾਰਕ ਪਦਾਰਥ ਨਾ ਸੁੱਟਣ।
* ਜੋ ਲੋਕ ਪਾਣੀ ਨੂੰ ਗੰਦਾ ਕਰ ਰਹੇ ਹਨ, ਉਨ੍ਹਾਂ ’ਤੇ ਕਾਰਵਾਈ ਹੋਵੇ।
* ਜਿੱਥੇ ਵਾਟਰ ਸਪਲਾਈ ਨਾਲ ਜੁੜੇ ਵਿਭਾਗਾਂ ’ਚ ਕਮੀਆਂ ਹਨ, ਉੱਥੇ ਅਧਿਕਾਰੀਆਂ ’ਤੇ ਵੀ ਕਾਰਵਾਈ ਲਾਜ਼ਮੀ ਹੈ।
* ਸੀਵਰੇਜ ਸਿਸਟਮ ਪੁਰਾਣਾ ਹੈ, ਪਾਈਪਾਂ ਬਦਲੀਆਂ ਜਾਣ। ਸੜਕਾਂ ਬਣਾਉਣ ਤੋਂ ਪਹਿਲਾਂ ਸੀਵਰੇਜ ਪਾਈਪਲਾਈਨ ਠੀਕ ਕੀਤੀ ਜਾਵੇ ਤਾਂ ਜੋ ਸੀਵਰ ਤੇ ਪੀਣ ਵਾਲਾ ਪਾਣੀ ਮਿਕਸ ਨਾ ਹੋਵੇ।
* ਜੇ ਖੁਦਾਈ ਦੌਰਾਨ ਪਾਈਪ ਟੁੱਟ ਜਾਵੇ ਤਾਂ ਅਸਥਾਈ ਮੁਰੰਮਤ ਦੀ ਬਜਾਏ ਨਵੀਂ ਪਾਈਪ ਪਾਈ ਜਾਵੇ।
* ਉਦਯੋਗਾਂ ਤੋਂ ਨਿਕਲਣ ਵਾਲਾ ਕੇਮੀਕਲ ਯੁਕਤ ਪਾਣੀ ਸਿੱਧਾ ਜ਼ਮੀਨ ’ਚ ਨਾ ਜਾਣ ਦਿੱਤਾ ਜਾਵੇ। ਇਸ ਦੀ ਟ੍ਰੀਟਮੈਂਟ ਲਈ ਵੱਡੇ ਪਲਾਂਟ ਲਗਾਏ ਜਾਣ।
* ਹਰ ਪਾਰਕ ’ਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਇਆ ਜਾਵੇ। ਸੜਕਾਂ ਤੇ ਗਲੀਆਂ ਦੀ ਸਫ਼ਾਈ ਹੋਵੇ ਤਾਂ ਜੋ ਪਾਣੀ ਸੀਵਰੇਜ ’ਚ ਸਹੀ ਤਰ੍ਹਾਂ ਜਾਵੇ।
* ਆਰਓ ਨਾਲ ਪਾਣੀ ਸਾਫ਼ ਕਰਨ ’ਤੇ ਲਗਭਗ 70 ਫ਼ੀਸਦੀ ਪਾਣੀ ਬਰਬਾਦ ਹੁੰਦਾ ਹੈ, ਇਸ ਪਾਣੀ ਨੂੰ ਵੀ ਵਰਤੋਂ ’ਚ ਲਿਆਇਆ ਜਾਵੇ।