ਗੁਰੂ ਸਾਹਿਬ ਦੀਆਂ ਫੋਟੋਆਂ ਵਾਲੇ ਬੋਰਡ ਸੰਭਾਲਣ ਦੀ ਮੰਗ
ਗੁਰੂ ਸਾਹਿਬ ਦੀਆਂ ਫੋਟੋਆਂ ਵਾਲੇ ਫਲੈਕਸ ਬੋਰਡ ਉਤਾਰ ਕੇ ਸੰਭਾਲ ਕਰਨ ਦੀ ਮੰਗ -- ਰੁੜਕਾ
Publish Date: Wed, 07 Jan 2026 06:36 PM (IST)
Updated Date: Wed, 07 Jan 2026 06:38 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ’ਚ ਲਗਾਏ ਗਏ ਫਲੈਕਸ ਬੋਰਡਾਂ ’ਤੇ ਲੱਗੀਆਂ ਸ੍ਰੀ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਹੁਣ ਫਟ ਕੇ ਡਿੱਗ ਰਹੀਆਂ ਹਨ, ਜਿਸ ਕਾਰਨ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਹੈ। ਇਹ ਦੋਸ਼ ਲਗਾਉਂਦਿਆਂ ਹਲਕਾ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਜਸਬੀਰ ਸਿੰਘ ਰੁੜਕਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸਿਰਫ਼ ਫੋਕੀ ਸ਼ੋਹਰਤ ਹਾਸਲ ਕਰਨ ਲਈ ਇਹ ਬੋਰਡ ਲਗਾਏ ਗਏ ਸਨ ਪਰ ਹੁਣ ਉਨ੍ਹਾਂ ਦੀ ਕੋਈ ਸੰਭਾਲ ਨਹੀਂ ਕੀਤੀ ਜਾ ਰਹੀ। ਰੁੜਕਾ ਨੇ ਕਿਹਾ ਕਿ ਫਲੈਕਸ ਬੋਰਡਾਂ ’ਤੇ ਲੱਗੀਆਂ ਗੁਰੂ ਸਾਹਿਬ ਦੀਆਂ ਫੱਟੀਆਂ ਤਸਵੀਰਾਂ ਦਾ ਸੜਕਾਂ ’ਤੇ ਡਿੱਗਣਾ ਅਪਮਾਨਜਨਕ ਹੈ ਤੇ ਸਰਕਾਰ ਨੂੰ ਤੁਰੰਤ ਇਨ੍ਹਾਂ ਬੋਰਡਾਂ ਨੂੰ ਉਤਾਰ ਕੇ ਸਤਿਕਾਰਯੋਗ ਢੰਗ ਨਾਲ ਸੰਭਾਲ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਸੰਗਤਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।