ਸੁੰਨੜ ਕਲਾਂ, ਆਦੇਕਾਲੀ, ਮਿੱਠੜਾ ਤੇ ਭਾਰਦਵਾਜੀਆਂ ਨੂੰ ਨੂਰਮਹਿਲ ਨਾਲ ਜੋੜਨ ਦੀ ਮੰਗ
ਸੁੰਨੜ ਕਲਾਂ, ਆਦੇਕਾਲੀ, ਮਿੱਠੜਾ ਤੇ ਭਾਰਦਵਾਜੀਆਂ ਨੂੰ ਨੂਰਮਹਿਲ ਨਾਲ ਜੋੜਨ ਦੀ ਮੰਗ
Publish Date: Fri, 23 Jan 2026 07:30 PM (IST)
Updated Date: Fri, 23 Jan 2026 07:33 PM (IST)

- ਲੋਕਾਂ ਨੂੰ ਦਫ਼ਤਰੀ ਕੰਮਾਂ ਲਈ 28 ਕਿਲੋਮੀਟਰ ਦੂਰ ਭਟਕਣਾ ਪੈਂਦਾ ਹੈ : ਬਾਲੀ ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਇਲਾਕੇ ਦੇ ਚਾਰ ਪਿੰਡਾਂ ਸੁੰਨੜ ਕਲਾਂ, ਆਦੇਕਾਲੀ, ਮਿੱਠੜਾ ਅਤੇ ਭਾਰਦਵਾਜੀਆਂ ਦੇ ਵਾਸੀਆਂ ਨੂੰ ਦਫ਼ਤਰੀ ਕੰਮਾਂ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਹ ਸਾਰੇ ਪਿੰਡ ਬਲਾਕ ਨੂਰਮਹਿਲ ਵਿੱਚ ਆਉਂਦੇ ਹਨ ਪਰ ਇਨ੍ਹਾਂ ਦਾ ਬਾਲ ਵਿਕਾਸ ਵਿਭਾਗ ਦਫ਼ਤਰ ਗੁਰਾਇਆ ਤੇ ਫੂਡ ਸਪਲਾਈ ਵਿਭਾਗ ਦਫ਼ਤਰ ਚਚਰਾੜੀ ਨਾਲ ਜੋੜਿਆ ਹੋਇਆ ਹੈ। ਇਸ ਸਬੰਧੀ ਸਮਾਜ ਸੇਵੀ ਬਾਲ ਕ੍ਰਿਸ਼ਨ ਬਾਲੀ ਨੇ ਦੱਸਿਆ ਕਿ ਬੁਢਾਪਾ ਤੇ ਵਿਧਵਾ ਪੈਨਸ਼ਨ, ਆਟਾ-ਦਾਲ ਸਕੀਮ ਤਹਿਤ ਕਾਰਡ ਬਣਵਾਉਣ ਜਾਂ ਹੋਰ ਦਫ਼ਤਰੀ ਕੰਮਾਂ ਲਈ ਪਿੰਡਾਂ ਦੇ ਲੋਕਾਂ ਨੂੰ ਗੁਰਾਇਆ ਅਤੇ ਚਚਰਾੜੀ ਦੇ ਦਫ਼ਤਰਾਂ ਵਿੱਚ ਜਾਣਾ ਪੈਂਦਾ ਹੈ, ਜੋ ਕਿ ਇੱਥੋਂ ਲਗਭਗ 28 ਕਿਲੋਮੀਟਰ ਦੂਰ ਪੈਂਦੇ ਹਨ। ਇਸ ਕਾਰਨ ਖ਼ਾਸ ਕਰ ਕੇ ਬਜ਼ੁਰਗਾਂ ਅਤੇ ਔਰਤਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਬਾਲ ਕ੍ਰਿਸ਼ਨ ਬਾਲੀ ਨੇ ਦੱਸਿਆ ਕਿ ਹਲਕਾ ਨੂਰਮਹਿਲ ਦੇ ਟੁੱਟਣ ਤੋਂ ਬਾਅਦ ਇਹ ਚਾਰੇ ਪਿੰਡ ਗੁਰਾਇਆ ਅਤੇ ਚਚਰਾੜੀ ਦੇ ਦਫ਼ਤਰਾਂ ਨਾਲ ਲੱਗੇ ਰਹਿ ਗਏ ਹਨ, ਜਦਕਿ ਬਾਕੀ ਸਾਰੇ ਲੁੜੀਂਦੇ ਮਹਿਕਮਿਆਂ ਦੇ ਦਫ਼ਤਰ ਥਾਣਾ ਨੂਰਮਹਿਲ, ਡੀਐੱਸਪੀ ਦਫ਼ਤਰ ਨਕੋਦਰ, ਬੀਡੀਪੀਓ ਨੂਰਮਹਿਲ ਅਤੇ ਸਬ ਤਹਿਸੀਲ ਨੂਰਮਹਿਲ ਇਨ੍ਹਾਂ ਪਿੰਡਾਂ ਤੋਂ ਸਿਰਫ਼ 4 ਤੋਂ 5 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਇਨ੍ਹਾਂ ਪਿੰਡਾਂ ਨੂੰ ਫੂਡ ਸਪਲਾਈ ਅਤੇ ਬਾਲ ਵਿਕਾਸ ਵਿਭਾਗ ਦੇ ਦਫ਼ਤਰਾਂ ਲਈ ਗੁਰਾਇਆ ਅਤੇ ਚਚਰਾੜੀ ਤੋਂ ਕੱਟ ਕੇ ਨੂਰਮਹਿਲ ਨਾਲ ਜੋੜਿਆ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਬਾਲੀ ਨੇ ਦੱਸਿਆ ਕਿ ਇਸ ਮੰਗ ਨੂੰ ਲੈ ਕੇ ਉਹ ਲਗਭਗ ਤੇਰਾਂ ਸਾਲ ਪਹਿਲਾਂ ਵੀ ਏਡੀਸੀ ਨੂੰ ਮੰਗ ਪੱਤਰ ਦੇ ਚੁੱਕੇ ਹਨ।