ਇਤਿਹਾਸਕ ਸਮੱਗਰੀ ਦੀ ਸੰਭਾਲ ਯਕੀਨੀ ਬਣਾਉਣ ਦੀ ਮੰਗ
ਜਲ੍ਹਿਆਂਵਾਲਾ ਬਾਗ਼ ਦੀਆਂ ਗੈਲਰੀਆਂ ’ਚ ਇਤਿਹਾਸ ਦੀ ਸੰਭਾਲ ਯਕੀਨੀ ਬਣਾਉਣ ਦੀ ਮੰਗ
Publish Date: Wed, 11 Mar 2026 07:33 PM (IST)
Updated Date: Wed, 11 Mar 2026 07:36 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ ਅੰਮ੍ਰਿਤਸਰ ਵੱਲੋਂ ਪ੍ਰਾਪਤ ਪ੍ਰਮਾਣਿਕ ਜਾਣਕਾਰੀ ਦੇ ਆਧਾਰ ਤੇ ਉਨ੍ਹਾਂ ਸਮੇਤ ਅੱਜ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਜਲ੍ਹਿਆਂਵਾਲਾ ਬਾਗ਼ ਦੀ ਗੈਲਰੀ ’ਚੋਂ ਪਹਿਲਾਂ ਲੱਗੀਆਂ ਪਰਿਵਾਰਾਂ ਵੱਲੋਂ ਦਿੱਤੀਆਂ ਸ਼ਹੀਦਾਂ ਦੀਆਂ ਤਸਵੀਰਾਂ ਹਟਾ ਲੈਣਾ, ਸ਼ਹੀਦਾਂ ਦੀਆਂ ਜੇਬਾਂ ’ਚੋਂ ਜੋ ਕਰੰਸੀ ਸਿੱਕੇ ਪ੍ਰਾਪਤ ਹੋਏ ਸਨ ਉਹ ਵੀ ਗੈਲਰੀ ’ਚੋਂ ਗਾਇਬ ਹੋ ਜਾਣਾ, ਮਾਈਕਲ ਓਡਵਾਇਰ ਖਿਲਾਫ਼ ਅਦਾਲਤ ’ਚ ਕੇਸ ਦਾ ਸਾਹਮਣਾ ਕਰਨ ਵਾਲੇ ਵਕੀਲ ਚੇਤੂਰ ਸ਼ੰਕਰਨ ਨਾਇਰ ਦੇ ਨਾਮ ਦੀ ਤਖ਼ਤੀ ਤੇ ਤਸਵੀਰ ਜੋ ਪਹਿਲਾਂ ਗੈਲਰੀ ਨੰ. 1 ’ਚ ਸਥਾਪਤ ਸੀ ਹੁਣ ਗਾਇਬ ਹੋ ਜਾਣਾ ਬੇਹੱਦ ਅਫ਼ਸੋਸਨਾਕ ਤੇ ਨਿੰਦਣਯੋਗ ਹੈ। ਕਮੇਟੀ ਨੇ ਜਲ੍ਹਿਆਂਵਾਲਾ ਬਾਗ਼ ਦੇ ਚੇਅਰਮੈਨ/ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਗੈਲਰੀਆਂ ’ਚ ਇਤਿਹਾਸਕ ਵਸਤਾਂ/ਹਵਾਲਿਆਂ ਦੀ ਸਾਂਭ ਸੰਭਾਲ ਤੇ ਗੈਲਰੀਆਂ ’ਚ ਮੁੜ ਰੱਖਣ ਦੀ ਜਾਮਨੀ ਕੀਤੀ ਜਾਵੇ। ਕਮੇਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਕੌਮੀ ਯਾਦਗਾਰੀ ਇਬਾਦਤ ਗਾਹ ਜਲ੍ਹਿਆਂਵਾਲਾ ਬਾਗ਼ ਨੂੰ ਕਿਸੇ ਕਿਸਮ ਦੀਆਂ ਵੀ ਨਿੱਜੀ ਕੰਪਨੀਆਂ ਦੇ ਅਧਿਕਾਰ ਖੇਤਰ ’ਚ ਲਿਆਉਣ ਦੀ ਬਜਾਏ ਜਾਣੇ-ਪਹਿਚਾਣੇ ਇਤਿਹਾਸਕਾਰਾਂ ਤੇ ਟਰੱਸਟ ਦੀ ਨਿਗਰਾਨੀ ਹੇਠ ਇਤਿਹਾਸ ਨੂੰ ਸਲਾਮਤ ਰੱਖਣਾ ਯਕੀਨੀ ਬਣਾਇਆ ਜਾਏ। ਇਹ ਵੀ ਕਿਹਾ ਗਿਆ ਹੈ ਕਿ ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਨੂੰ ਸਹਿਜੇ-ਸਹਿਜੇ ਸੈਰਗਾਹ ਚ ਤਬਦੀਲ ਕੀਤੇ ਜਾਣ ਦੇ ਜੋ ਦੇਸ਼ ਭਗਤ ਯਾਦਗਾਰ ਕਮੇਟੀ ਤੇ ਸਹਿਯੋਗੀ ਸੰਸਥਾਵਾਂ ਨੇ ਕਈ ਵਰ੍ਹੇ ਪਹਿਲਾਂ ਹੀ ਖਦਸ਼ੇ ਪ੍ਰਗਟਾਏ ਸਨ, ਹੁਣ ਉਨ੍ਹਾਂ ਦੀ ਹੀ ਪੁਸ਼ਟੀ ਹੋ ਰਹੀ ਹੈ। ਕਮੇਟੀ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਬਾਗ਼ ਦੀ ਇਤਿਹਾਸਕ ਵਿਰਾਸਤ ਨੂੰ ਪ੍ਰਮਾਣਿਕ ਰੂਪ ’ਚ ਸੰਭਾਲਣ ਦੀ ਜਾਮਨੀ ਕੀਤੀ ਜਾਵੇ।