ਟੀ ਪੁਆਇੰਟ ’ਤੇ 11 ਪਿੱਲਰਾਂ ਵਾਲਾ ਪੁਲ਼ ਬਣਾਉਣ ਦੀ ਮੰਗ
ਸੁਰਜੀਤ ਸਿੰਘ ਜੰਮੂ ,
Publish Date: Fri, 13 Mar 2026 07:40 PM (IST)
Updated Date: Fri, 13 Mar 2026 07:42 PM (IST)

ਸੁਰਜੀਤ ਸਿੰਘ ਜੰਮੂ , ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਰਾਸ਼ਟਰੀ ਮਾਰਗ ਨਾਲ ਜੋੜਨ ਵਾਲੀ ਇੱਕੋ-ਇਕ ਸੜਕ ਮੌਜੂਦਾ ਸਮੇਂ ਵਿਚ ਨਗਰ ਦੀ ਸ਼ਾਹ ਰਗ਼ ਵਾਲਾ ਬਹੁਤ ਮਹੱਤਵਪੂਰਨ ਦਰਜਾ ਰੱਖਦੀ ਹੈ ਜਦਕਿ ਰਾਸ਼ਟਰੀ ਮਾਰਗ ’ਤੇ ਬਣ ਰਹੇ ਫਲਾਈਓਵਰ ਨੂੰ ਬਣਾਉਣ ਲਈ ਪਿੱਲਰਾਂ ਦੀ ਮੰਗ ਨਿਰੀ ਪੁਰੀ ਉਥੋਂ ਦੇ ਦੁਕਾਨਦਾਰਾਂ ਦੀ ਹੀ ਨਹੀਂ ਹੈ, ਸਗੋਂ ਸਬ ਤਹਿਸੀਲ ਦੇ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਲੋਕਾਂ ਦੀ ਵੀ ਹੈ। ਇਸ ਮੰਗ ਨੂੰ ਲੈ ਕੇ ਲੋਕਾਂ ਵੱਲੋਂ ਪਦਮ ਬਾਬਾ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਸੀ, ਜਿਨ੍ਹਾਂ ਵੱਲੋਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹ ਨਿਸ਼ਚਿਤ ਕੀਤਾ ਗਿਆ ਸੀ ਕਿ ਉਸਾਰੀ ਅਧੀਨ ਇਹ ਫਲਾਈ ਓਵਰ ਪਿੱਲਰਾਂ ’ਤੇ ਹੀ ਬਣਾਇਆ ਜਾਵੇਗਾ, ਪ੍ਰੰਤੂ ਹੁਣ ਸਬੰਧਤ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਫਲਾਈਓਵਰ ਬਨਾਉਣ ਲਈ 11 ਪਿੱਲਰਾਂ ਦੀ ਲੋੜ ਹੈ ਜਦਕਿ ਉਨ੍ਹਾਂ ਕੋਲ 8 ਪਿੱਲਰਾਂ ਦੀ ਮਨਜ਼ੂਰੀ ਹੈ ਅਤੇ ਤਿੰਨ ਪਿੱਲਰਾਂ ਨੂੰ ਬਣਾਉਣ ਲਈ ਸੂਬਾ ਸਰਕਾਰ ਨੂੰ ਖ਼ਰਚਾ ਦੇਣਾ ਪੈਣਾ ਹੈ। ਇਸੇ ਮੰਤਵ ਲਈ ਅੱਜ ਸਥਾਨਕ ਸਬ-ਤਹਿਸੀਲ ਦੇ ਦਫ਼ਤਰ ਵਿਖੇ ਸਾਰੇ ਮਹਿਕਮਿਆਂ ਜਿਵੇਂ ਕਿ ਮਾਲ ਮਹਿਕਮਾ, ਬੀਡੀਪੀਓ, ਪੁਲਿਸ, ਨਗਰ ਪੰਚਾਇਤ, ਪੀਡਬਲਯੂਡੀ ਆਦਿ ਦੇ ਅਧਿਕਾਰੀਆਂ ਵੱਲੋਂ ਇਕ ਮਤ ਹੋ ਕੇ ਤਜਵੀਜ਼ ਰੱਖੀ ਗਈ ਹੈ ਕਿ ਜਿਸ ਤਰ੍ਹਾਂ ਬਾਕੀ ਪੁਲ ਪਿੱਲਰਾਂ ’ਤੇ ਬਣਾਇਆ ਜਾਣਾ ਹੈ ਉਸੇ ਤਰ੍ਹਾਂ ਤਿੰਨ ਪਿੱਲਰ ਵੀ ਬਣਾਏ ਜਾਣ। ਜ਼ਿਕਰਯੋਗ ਹੈ ਕਿ ਪੁਲ ਦੀ ਉਸਾਰੀ ਜੂੰਅ ਦੀ ਤੋਰ ਵਾਂਗ ਹੋ ਰਹੀ ਹੈ, ਜਿਸ ਕਰਕੇ ਸੜਕ ਦੇ ਦੋਹਾਂ ਪਾਸਿਆਂ ’ਤੇ ਦੁਕਾਨਾਂ ਆਦਿ ਕਰਦੇ ਲੋਕ ਉੱਡਦੇ ਘੱਟੇ ਮਿੱਟੀ ਕਰਕੇ ਵੱਖ-ਵੱਖ ਬਿਮਾਰੀਆਂ ਦੀ ਜ਼ੱਦ ਵਿਚ ਆ ਰਹੇ ਹਨ । ਸੜਕ ਦੇ ਦੋਹਾਂ ਪਾਸਿਆਂ ’ਤੇ ਕੰਪਨੀ ਵੱਲੋਂ ਸਰਵਿਸ ਰੋਡਜ਼ ਬਣਾਈਆਂ ਗਈਆਂ ਸਨ ਪ੍ਰੰਤੂ ਲਗਾਤਾਰ ਚੱਲਦੇ ਟ੍ਰੈਫਿਕ ਕਰਕੇ ਉਹ ਦੋਵੇਂ ਸੜਕਾਂ ਟੁੱਟ ਚੁੱਕੀਆਂ ਹਨ ਤੇ ਉਨ੍ਹਾਂ ਦੇ ਹਾਲਾਤ ਬਦ ਤੋਂ ਬਦਤਰ ਹੋਣ ਕਰ ਕੇ ਛੋਟੇ ਮੋਟੇ ਹਾਦਸੇ ਅਕਸਰ ਹੁੰਦੇ ਰਹਿੰਦੇ ਹਨ ਤੇ ਕੁੱਝ ਦਿਨ ਪਹਿਲਾਂ ਪੰਜ ਕੁ ਸਾਲਾਂ ਦਾ ਇਕਲੌਤਾ ਲੜਕਾ ਵੱਡੇ ਟਰੱਕ ਦੇ ਹੇਠਾਂ ਆ ਗਿਆ ਸੀ।