ਸਿਵਲ ਹਸਪਤਾਲ ਨੂੰ ਚਾਲੂ ਕਰਵਾਉਣ ਲਈ ਐਸਡੀਐਮ ਨੂੰ ਦਿੱਤਾ ਮੰਗ ਪੱਤਰ
ਪਿੰਡ ਮੌ ਸਾਹਿਬ (ਤਹਿਸੀਲ ਫਿਲੌਰ) ਵਿਖੇ
Publish Date: Fri, 02 Jan 2026 08:31 PM (IST)
Updated Date: Fri, 02 Jan 2026 08:35 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਪਿੰਡ ਮੌ ਸਾਹਿਬ (ਤਹਿਸੀਲ ਫਿਲੌਰ) ਵਿਖੇ ਪਿਛਲੇ ਲਗਭਗ 35-40 ਸਾਲਾਂ ਤੋਂ ਬਣੇ ਸਰਕਾਰੀ ਹਸਪਤਾਲ ਦੀ ਖਸਤਾ ਹਾਲਤ ਅਤੇ ਇਸ ਦੇ ਬੰਦ ਪਏ ਹੋਣ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਲੋਕ ਇਨਸਾਫ਼ ਮੰਚ, ਮਿਸਲ ਸਤਲੁਜ ਹਲਕਾ ਨਕੋਦਰ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਾਂਝੇ ਵਫ਼ਦ ਵੱਲੋਂ ਬਲਜੋਤ ਸਿੰਘ ਨਾਇਬ ਤਹਿਸੀਲਦਾਰ ਰਾਹੀਂ ਐੱਸ.ਡੀ.ਐੱਮ. ਫਿਲੌਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਦੇ ਆਗੂਆਂ ਨੇ ਦੱਸਿਆ ਕਿ ਇਹ 20 ਤੋਂ 30 ਬੈੱਡਾਂ ਵਾਲਾ ਹਸਪਤਾਲ ਸਰਕਾਰ ਵੱਲੋਂ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਬਣਾਇਆ ਗਿਆ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਉਦਘਾਟਨ ਦੇ ਕੁਝ ਸਮੇਂ ਬਾਅਦ ਹੀ ਇਹ ਬੰਦ ਹੋ ਗਿਆ। ਮੌਜੂਦਾ ਸਮੇਂ ਵਿੱਚ ਇਸ ਦੀ ਇਮਾਰਤ ਖਸਤਾ ਹਾਲਤ ਵਿੱਚ ਹੈ। ਹਾਲਾਂਕਿ ਇੱਥੇ ਇੱਕ ਮੁਹੱਲਾ ਕਲੀਨਿਕ ਚੱਲ ਰਿਹਾ ਹੈ ਪਰ ਵੱਡੇ ਹਸਪਤਾਲ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਇਲਾਜ ਲਈ ਦੂਰ-ਦੁਰਾਡੇ ਜਾਣਾ ਪੈਂਦਾ ਹੈ, ਜਿਸ ਨਾਲ ਗਰੀਬ ਜਨਤਾ ਨੂੰ ਭਾਰੀ ਪਰੇਸ਼ਾਨੀ ਤੇ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਇਸ ਮੌਕੇ ਮਿਸਲ ਸਤਲੁਜ ਟੀਮ, ਲੋਕ ਇਨਸਾਫ਼ ਮੰਚ ਦੀ ਟੀਮ ਜਰਨੈਲ ਫਿਲੌਰ, ਮਾਸਟਰ ਹੰਸ ਰਾਜ, ਪਰਸ਼ੋਤਮ ਫਿਲੌਰ, ਰਾਮਜੀ ਦਾਸ ਗੰਨਾਪਿੰਡ, ਰਾਜ ਕੁਮਾਰ ਹੰਸ, ਡਾ .ਅਸ਼ੋਕ ਕੁਮਾਰ, ਸੁਰਿੰਦਰ ਮਾਹਲਾ, ਡਾ. ਸੰਦੀਪ ਕੁਮਾਰ, ਡਾ. ਸੁਨੀਲ ਕੁਮਾਰ, ਹਨੀ ਸੰਤੋਖਪੁਰਾ, ਰਵੀ ਦਲੇਰ, ਸਰੂਪ ਕਲੇਰ, ਸੋਮਨਾਥ ਸ਼ੇਖੂਪੁਰ, ਹੈਪੀ ਸੰਗੋਆਲ, ਅਮਰਜੀਤ ਲਾਡੀ , ਰਾਜਵਿੰਦਰ, ਸਰਬਜੀਤ ਕੁਮਾਰ, ਸੁਰਜੀਤ ਸਿੰਘ ਸਾਬਕਾ ਸਰਪੰਚ ਤਹਿੰਗ ਦੇ ਨਾਲ-ਨਾਲ ਭਾਰਤੀ ਕਿਸਾਨ ਯੂਨੀਅਨ (ਬੀਕੇਯੂ ਦੁਆਬਾ) ਅਤੇ ਕਿਰਤੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਵੀ ਹਾਜ਼ਰ ਸਨ। ਮੰਗ ਪੱਤਰ ਦੇਣ ਵਾਲੇ ਮੁੱਖ ਆਗੂ ਦਵਿੰਦਰ ਸਿੰਘ ਸੰਗੋਵਾਲ (ਮਿਸਲ ਸਤਲੁਜ) ਸੁਰਜੀਤ ਸਿੰਘ (ਮੌ ਸਾਹਿਬ), ਜਸਵੰਤ ਸਿੰਘ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਸ਼ਾਮਲ ਸਨ। ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਜੇ ਸਰਕਾਰ ਅਤੇ ਪ੍ਰਸ਼ਾਸਨ ਨੇ ਜਲਦੀ ਹੀ ਇਸ ਹਸਪਤਾਲ ਵਿੱਚ ਲੋੜੀਂਦੇ ਡਾਕਟਰ ਲਗਾ ਕੇ ਇਸ ਨੂੰ ਪੂਰੀ ਤਰ੍ਹਾਂ ਚਾਲੂ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਇਸ ਸਿਹਤ ਕੇਂਦਰ ਨੂੰ ਤੁਰੰਤ ਕਾਰਜਸ਼ੀਲ ਬਣਾਇਆ ਜਾਵੇ।