ਸਕੂਲ ਚਾਲੂ ਨਾ ਕਰਨ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ
ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਸ਼ੁਰੂ ਕਰਨ ਲਈ ਡੀਈਓ ਨੂੰ ਦਿੱਤਾ ਮੰਗ ਪੱਤਰ
Publish Date: Thu, 22 Jan 2026 08:40 PM (IST)
Updated Date: Thu, 22 Jan 2026 08:42 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ-ਵੱਖ ਵੱਖ ਕਿਸਾਨ ,ਮਜ਼ਦੂਰ, ਵਿਦਿਆਰਥੀ, ਮੁਲਾਜ਼ਮ, ਨੌਜਵਾਨ ਜਥੇਬੰਦੀਆਂ ਵੱਲੋਂ ਸਾਂਝੇ ਰੂਪ ’ਚ ਨੂਰਮਹਿਲ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸ਼ੁਰੂ ਕਰਵਾਉਣ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਦੇ ਨਾਮ ਡਿਪਟੀ ਡੀਈਓ ਰਾਜੀਵ ਜੋਸ਼ੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵੱਖ-ਵੱਖ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਨੂਰਮਹਿਲ ਦੇ ਸਰਕਾਰੀ ਸਕੂਲ ਨੂੰ ਚਲਾਉਣ ਦਾ ਸੁਹਿਰਦ ਯਤਨ ਨਹੀਂ ਕੀਤਾ। ਇਸ ਦਾ ਫਾਇਦਾ ਸਿੱਧੇ ਰੂਪ ਵਿੱਚ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ ਮਿਲ ਰਿਹਾ ਹੈ। ਹੁਣ ਸਕੂਲ ਦੇ ਕੁਝ ਕਮਰੇ ਬਣ ਚੁੱਕੇ ਹਨ। 16 ਕਰੋੜ ਦੀ ਗ੍ਰਾਂਟ ਵੀ ਆਈ ਹੋਈ ਹੈ ਪਰ ਫਿਰ ਵੀ ਅਜੇ ਤੱਕ ਉੱਥੇ ਕੰਮ ਸ਼ੁਰੂ ਨਹੀਂ ਕੀਤਾ ਗਿਆ। ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਬਣੇ ਕਮਰਿਆਂ ਵਿੱਚ ਇਸ ਸਾਲ ਤੋਂ ਜਮਾਤਾਂ ਨੂੰ ਸ਼ੁਰੂ ਕੀਤਾ ਜਾਵੇ। ਇਸ ਸਮੇਂ ਡਿਪਟੀ ਡੀ.ਈ.ਓ ਨੇ ਭਰੋਸਾ ਦਿੱਤਾ ਕਿ ਉਹ ਇੱਥੇ ਸਕੂਲ ਦਾ ਦੌਰਾ ਕਰਕੇ ਨਿਰੀਖਣ ਕਰਨ ਉਪਰੰਤ ਅਪ੍ਰੈਲ ਚ ਸੈਸ਼ਨ ਸ਼ੁਰੂ ਕਰਨ ਬਾਰੇ ਉੱਚ ਅਧਿਕਾਰੀਆ ਨਾਲ ਵਿਚਾਰ ਕਰਨਗੇ। ਗ੍ਰਾਂਟ ਨੂੰ ਖਰਚਣ ਸਬੰਧੀ ਪੀਡਬਲਯੂਡੀ ਨੂੰ ਨਕਸ਼ਾ ਤਿਆਰ ਕਰਕੇ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਸਕੂਲ ਦੇ ਚਾਲੂ ਹੋਣ ਨਾਲ ਗਰੀਬ ਬੱਚਿਆਂ ਨੂੰ ਫਾਇਦਾ ਪੁੱਜੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਕੂਲ ਚਾਲੂ ਨਹੀਂ ਕੀਤਾ ਜਾਂਦਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕੌਰ ਜੁਲੇਖਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਕੁਲਵਿੰਦਰ ਸਿੰਘ ਜੋਸਨ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਸੰਧੂ, ਸੀਨੀਅਰ ਪੱਤਰਕਾਰ ਬਾਲਕ੍ਰਿਸ਼ਨ ਬਾਲੀ, ਸੁਰਜੀਤ ਸਿੰਘ ਸਮਰਾ, ਦੇਸ਼ ਭਗਤ ਯਾਦਗਾਰ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਨੌਜਵਾਨ ਭਾਰਤ ਸਭਾ ਦੇ ਆਗੂ ਮੰਗਲਜੀਤ ਪੰਡੋਰੀ, ਨਵਜੋਤ ਸਿਆਣੀਵਾਲ, ਅਜੀਤ ਸਿੰਘ, ਚੰਨਣ ਸਿੰਘ ਤੇ ਹੋਰ ਆਗੂ ਹਾਜ਼ਰ ਸਨ।