ਨੁਕਸਾਨੀ ਫਸਲਾਂ ਦਾ ਮੁਆਵਜਾ ਛੇਤੀ ਦੇਣ ਦੀ ਮੰਗ
ਸਰਕਾਰਾਂ ਤੋਂ ਬੇਮੌਸਮੀ ਮੀਂਹ ਤੇ ਗੜੇ ਪੈਣ ਕਾਰਨ ਨੁਕਸਾਨੀ ਫਸਲਾਂ ਦਾ ਮੁਆਵਜਾ ਜਲਦ ਦੇਣ ਦੀ ਮੰਗ
Publish Date: Mon, 06 Apr 2026 08:08 PM (IST)
Updated Date: Mon, 06 Apr 2026 08:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ਦੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸੰਧੂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੇਮੌਸਮੀ ਮੀਂਹ ਤੇ ਗੜੇ ਪੈਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਨਾਲ ਨਾ ਸਿਰਫ ਫਸਲਾਂ ਬਰਬਾਦ ਹੋਈਆਂ ਹਨ, ਸਗੋਂ ਕਈ ਇਲਾਕਿਆਂ ’ਚ ਪਸ਼ੂਆਂ ਦੇ ਚਾਰੇ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਰਾਜਿੰਦਰ ਸੰਧੂ ਨੇ ਕਿਹਾ ਕਿ ਸਰਕਾਰ ਤੁਰੰਤ ਮੁਆਵਜ਼ਾ ਪ੍ਰਕਿਰਿਆ ਸ਼ੁਰੂ ਕਰੇ ਤਾਂ ਕਿ ਕਿਸਾਨ ਆਪਣੇ ਖਰਚੇ ਪੂਰੇ ਕਰ ਸਕਣ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਹੈ ਕਿ ਜੇ ਕੁਦਰਤੀ ਆਫਤ ਕਾਰਨ ਫਸਲਾਂ ਖਰਾਬ ਹੁੰਦੀਆਂ ਹਨ ਤਾਂ ਸਰਕਾਰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇਗੀ। ਜਿਨ੍ਹਾਂ ਇਲਾਕਿਆਂ ’ਚ ਫਸਲਾਂ ਨੂੰ ਨੁਕਸਾਨ ਹੋਇਆ ਹੈ, ਉਥੇ ਸਰਕਾਰੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇਗਾ। ਸੰਧੂ ਨੇ ਇਹ ਵੀ ਅਪੀਲ ਕੀਤੀ ਕਿ ਸਰਕਾਰ ਕਿਸਾਨਾਂ ਦੀ ਸਹਾਇਤਾ ਲਈ ਤੁਰੰਤ ਕਾਰਵਾਈ ਕਰੇ ਤਾਂ ਕਿ ਉਹ ਆਪਣੀਆਂ ਫਸਲਾਂ ਤੇ ਕੀਤੇ ਖਰਚੇ ਪੂਰੇ ਕਰ ਸਕਣ ਤੇ ਕਿਸਾਨਾਂ ਦੀ ਆਰਥਿਕ ਸਥਿਤੀ ਸੁਰੱਖਿਅਤ ਰਹੇ।