ਵਿਦੇਸ਼ਾਂ ਵਿੱਚ ਜਾਨ ਗਵਾਉਣ ਵਾਲੇ ਭਾਰਤੀਆਂ ਦੀਆਂ ਦੇਹਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਸਰਕਾਰੀ ਸਹਾਇਤਾ ਦੇਣ ਦੀ ਕੀਤੀ ਮੰਗ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਨੂੰ ਚੁੱਕਦਿਆ ਕੇਂਦਰ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਵਿਦੇਸ਼ਾਂ ਵਿੱਚ ਕਿਸੇ ਨਾ ਕਿਸੇ ਕਾਰਨ ਆਪਣੀ ਜਾਨ ਗੁਆਉਣ ਵਾਲੇ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਰਕਾਰ ਘਰ ਤੱਕ ਪੁੱਜਾ ਕਰਨ ਲਈ ਢੁੱਕਵੇਂ ਇੰਤਜ਼ਾਮ ਕਰੇ। ਉਨ੍ਹਾਂ ਰਾਜ ਸਭਾ ਦੇ ਹਾਊਸ ਵਿੱਚ ਸ਼ਪੈਸ਼ਲ ਮੈਨਸ਼ਨ ਤਹਿਤ ਮੁੱਦਾ ਚੁੱਕਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਹਰ ਸਾਲ ਭਾਰਤੀ ਨਾਗਰਿਕ ਰੁਜ਼ਗਾਰ ਦੀ ਭਾਲ ਵਿੱਚ ਜਾਂ ਸਿੱਖਿਆ ਹਾਸਲ ਕਰਨ ਲਈ ਵਿਦੇਸ਼ਾਂ ਵੱਲ ਰੁੱਖ ਕਰਦੇ ਹਨ। ਬਦਕਿਸਮਤੀ ਨਾਲ, ਕਈ ਕਾਰਨਾਂ ਕਰਕੇ ਵਿਦੇਸ਼ਾਂ ਵਿੱਚ ਰਹਿੰਦਿਆ ਕਈ ਭਾਰਤੀ ਨਾਗਰਿਕਾਂ ਦੀ ਮੌਤ ਹੋ ਜਾਂਦੀ ਹੈ। ਵਿਦੇਸ਼ਾਂ ਵਿੱਚ ਬੇਗਾਨੀ ਧਰਤੀ ਤੇ ਜਾਨ ਗੁਆਉਣ ਵਾਲੇ ਨੌਜਵਾਨਾਂ ਦੇ ਮ੍ਰਿਤਕ ਸਰੀਰ ਭਾਰਤ ਭੇਜਣ ਦਾ ਪ੍ਰਬੰਧ ਤਾਂ ਭਾਰਤ ਸਰਕਾਰ ਕਰ ਦਿੰਦੀ ਹੈ। ਮ੍ਰਿਤਕ ਸਰੀਰ ਨੂੰ ਭਾਰਤ ਲਿਆਉਣ ਵਿੱਚ ਵੀ ਲੱਖਾਂ ਰੁਪਏ ਖਰਚ ਹੋ ਜਾਂਦੇ ਹਨ। ਅਮਰੀਕਾ ਜਾਂ ਕਨੇਡਾ ਵਿੱਚ ਮਾਰੇ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਮ੍ਰਿਤਕ ਸਰੀਰ ਦੇਸ਼ ਭੇਜਣ ਵਿੱਚ 20 ਤੋਂ 25 ਲੱਖ ਦਾ ਖਰਚਾ ਆ ਜਾਂਦਾ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਾਰਤ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਪੀੜਤ ਪਰਿਵਾਰਾਂ ਪ੍ਰਤੀ ਸਰਕਾਰ ਇੱਕ ਹਮਦਰਦੀ ਭਰਿਆ ਅਤੇ ਯੋਜਨਾਬੱਧ ਵਿਧੀ ਸਥਾਪਤ ਕਰਕੇ। ਪੀੜਤ ਪਰਿਵਾਰਾਂ ਨੂੰ ਤੁਰੰਤ ਮੱਦਦ ਦੇਣ ਦਾ ਅਤੇ ਹਵਾਈ ਅੱਡਿਆਂ ਤੇ ਪੀੜਤ ਪਰਿਵਾਰਾਂ ਲਈ ਵਿਸ਼ੇਸ਼ ਸਹਾਇਤਾ ਕੇਂਦਰ ਸਥਾਪਤ ਕੀਤੇ ਜਾਣੇ । ਸੰਤ ਸੀਚੇਵਾਲ ਨੇ ਮੰਗ ਕਰਦਿਆ ਕਿਹਾ ਕਿ ਭਾਰਤ ਸਰਕਾਰ ਨੂੰ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਮੁਫ਼ਤ ਪਹੁੰਚਾਉਣ ਦਾ ਪ੍ਰਬੰਧ ਕਰੇ ਜਾਂ ਫਿਰ ਵੱਧ ਤੋਂ ਵੱਧ ਸਬਸਿਡੀ ਵਾਲਾ ਕਿਰਾਇਆ ਨਿਧਾਰਤ ਕਰੇ ਜਾਂ ਬਹੁਤ ਹੀ ਘੱਟ ਦਰਾਂ ਨਾਲ ਨਿੱਜੀ ਵਾਹਨਾਂ ਜਾਂ ਸਰਕਾਰੀ ਵਾਹਨਾਂ ਦਾ ਪ੍ਰਬੰਧ ਕਰਕੇ ਦੇਵੇ। ਉਨ੍ਹਾਂ ਕਿਹਾ ਕਿ ਹਮਦਰਦੀ ਵਾਲੇ ਕਦਮ ਚੁੱਕਣ ਨਾਲ ਹੀ ਆਮ ਲੋਕਾਂ ਦਾ ਭਰੋਸਾ ਤੇ ਵਿਸ਼ਵਾਸ਼ ਸਰਕਾਰ ਵਿੱਚ ਮਜ਼ਬੂਤ ਹੋਵੇਗਾ। ਮੁਸ਼ਕਲ ਘੜੀ ਵਿੱਚ ਸਰਕਾਰ ਜੇ ਮਜ਼ਬੂਤੀ ਨਾਲ ਪੀੜਤਾਂ ਨਾਲ ਖੜਦੀ ਹੈ ਤਾਂ ਲੋਕਾਂ ਵਿੱਚ ਇੱਕ ਚੰਗਾ ਸੁਨੇਹਾ ਜਾਵੇਗਾ ਕਿ ਸਰਕਾਰ ਅਸਲ ਵਿੱਚ ਲੋਕ ਭਲਾਈ ਦੇ ਕੰਮ ਹਕੀਕੀ ਤੌਰ ਤੇ ਕਰ ਰਹੀ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਨਾਜ਼ੁਕ ਸਮੇਂ ਵਿੱਚ ਜਦੋਂ ਪਰਿਵਾਰ ਪਹਿਲਾਂ ਹੀ ਦੁੱਖਾਂ ਨਾਲ ਘਿਰੇ ਹੋਏ ਹੁੰਦੇ ਹਨ, ਉਨ੍ਹਾਂ ਨੂੰ ਹਵਾਈ ਅੱਡੇ ਤੋਂ ਆਪਣੇ ਪਿੰਡ ਜਾਂ ਸ਼ਹਿਰ ਤੱਕ ਆਵਾਜਾਈ ਦਾ ਪ੍ਰਬੰਧ ਕਰਨ ਵਿੱਚ ਅਕਸਰ ਹੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਵਿੱਤੀ ਹੁੰਦੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਬਹੁਤ ਸਾਰੇ ਮਾਮਲਿਆਂ ਵਿੱਚ, ਨਿੱਜੀ ਵਾਹਨ ਚਾਲਕ ਸਥਿਤੀ ਦਾ ਨਜ਼ਾਇਜ ਫਾਇਦਾ ਉਠਾਉਂਦੇ ਹਨ ਅਤੇ ਬਹੁਤ ਜ਼ਿਆਦਾ ਕਿਰਾਏ ਦੀ ਮੰਗ ਕਰਦੇ ਹਨ, ਜਿਸ ਨਾਲ ਦੁੱਖੀ ਪਰਿਵਾਰਾਂ ਤੇ ਵਾਧੂ ਆਰਥਿਕ ਬੋਝ ਪੈਂਦਾ ਹੈ ਜੋ ਪਹਿਲਾਂ ਹੀ ਭਾਵਨਾਤਮਕ ਤੌਰ ’ਤੇ ਅਤੇ ਵਿੱਤੀ ਪਰੇਸ਼ਾਨੀ ਵਿੱਚੋਂ ਲੰਘ ਰਹੇ ਹੁੰਦੇ ਹਨ। ਪਰਿਵਾਰ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਉਨ੍ਹਾਂ ਦੇ ਮ੍ਰਿਤਕ ਸਰੀਰਾਂ ਦੀ ਹਵਾਈ ਅੱਡਿਆਂ ਤੇ ਲੁੱਟ ਹੋ ਰਹੀ ਹੈ।
--------------------
ਦੇਸ਼ ਮੰਗਵਾਈਆਂ 50 ਦੇ ਕਰੀਬ ਮ੍ਰਿਤਕ ਦੇਹਾਂ
ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਬਤੌਰ ਰਾਜ ਸਭਾ ਦੇ ਮੈਂਬਰ ਹੁੰਦਿਆ 50 ਦੇ ਕਰੀਬ ਮ੍ਰਿਤਕ ਦੇਹਾਂ ਨੂੰ ਵਿਦੇਸ਼ਾਂ ਵਿੱਚੋਂ ਮੰਗਵਾਇਆ ਹੈ। ਆਰਥਿਕ ਪੱਖੋਂ ਟੁੱਟੇ ਮਾਪੇ ਆਪਣੇ ਪੁੱਤਰ ਜਾਂ ਧੀ ਨੂੰ ਸਦਾ ਲਈ ਗੁਆਉਣ ਤੋਂ ਬਾਅਦ ਕੱਖਾਂ ਤੋਂ ਵੀ ਹੌਲੇ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਏਅਰਪੋਰਟ ਤੋਂ ਮ੍ਰਿਤਕ ਸਰੀਰ ਨੂੰ ਘਰ ਪਹੁੰਚਾਉਣਾ ਵੀ ਵੱਡੀ ਚਣੌਤੀ ਬਣ ਜਾਂਦਾ ਹੈ।