ਵੱਡੀਆਂ ਸੜਕਾਂ ਬਣਾਉਣ ਵੇਲੇ ਪੁਲੀਆਂ ਰੱਖਣ ਦੀ ਮੰਗ
ਸੁਰਜੀਤ ਸਿੰਘ ਜੰਮੂ ,
Publish Date: Fri, 27 Feb 2026 09:15 PM (IST)
Updated Date: Fri, 27 Feb 2026 09:19 PM (IST)
ਸੁਰਜੀਤ ਸਿੰਘ ਜੰਮੂ , ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਅੰਮ੍ਰਿਤਸਰ ਤੋਂ ਜਾਮ ਨਗਰ ਤੱਕ ਰਾਸ਼ਟਰੀ ਮਾਰਗ ਬਨਾਉਣ ਲਈ ਜਿੱਥੇ ਕੇਂਦਰ ਸਰਕਾਰ ਤੇ ਵੱਡੀਆਂ ਕੰਪਨੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ, ਉੱਥੇ ਕਿਸਾਨਾਂ ਨੂੰ ਕਈ ਕਿਸਮਾਂ ਦੇ ਝੋਰੇ ਵੱਢ-ਵੱਢ ਖਾ ਰਹੇ ਹਨ ਕਿ ਉਹ ਖ਼ੁਦ ਤੇ ਪਰਿਵਾਰਾਂ ਦੇ ਜੀਆਂ ਦੇ ਭਵਿੱਖ ’ਚ ਹਨੇਰ ਹੋਇਆ ਹੋਣ ਕਰਕੇ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਲਾਕੇ ਦੇ ਕਿਸਾਨ ਇਕੱਠੇ ਹੋ ਕੇ ਰਾਣਾ ਹਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਭਾਜਪਾ ਨੂੰ ਮਿਲੇ ਤੇ ਮੰਗ ਪੱਤਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਕੇਂਦਰ ਸਰਕਾਰ ਕੋਲ ਇਸ ਮੁੱਦੇ ’ਤੇ ਗੱਲ ਕਰਨਗੇ ਤੇ ਬਣ ਰਹੀ ਸੜਕ ਨੂੰ ਮਿੱਟੀ ਨਾਲ ਉੱਚੀ ਨਹੀਂ ਕਰਨਗੇ ਤਾਂ ਕਿ ਹੜ੍ਹਾਂ ਵੇਲੇ ਚਿੱਟੀ ਵੇਈਂ ਦਾ ਪਾਣੀ ਸਦੀਆਂ ਤੋਂ ਬਣੇ ਹੋਏ ਕੁਦਰਤੀ ਵਹਾਅ ’ਚ ਵਗ ਕੇ ਦੋਵੇਂ ਦਰਿਆਵਾਂ ਸਤਲੁਜ ਤੇ ਬਿਆਸ ਵਿਚ ਰਲ ਜਾਵੇ। ਕੁਝ ਦਿਨ ਪਹਿਲਾਂ ਕਿਸਾਨਾਂ ਨੇ ਇਕੱਠੇ ਹੋ ਕੇ ਕੰਪਨੀ ਦੇ ਅਧਿਕਾਰੀਆਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਸੀ।
ਕਿਸਾਨਾਂ ਨੂੰ ਜਿਹੜਾ ਖ਼ਦਸ਼ਾ ਸਤਾ ਰਿਹਾ ਹੈ ਕਿ ਹੁਣ ਜਿਹੜੀਆਂ ਵੱਡੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ, ਉਹ ਹੜ੍ਹਾਂ ਦੇ ਪਾਣੀ ਨੂੰ ਰੋਕਣਗੀਆਂ ਅਤੇ ਵੇਈਂ ਤੋਂ ਬਾਹਰ ਨਿਕਲਿਆ ਪਾਣੀ ਕਿਸੇ ਝੀਲ ਦਾ ਨਜ਼ਾਰਾ ਹੀ ਪੇਸ਼ ਕਰੇਗਾ। ਮੌਜੂਦਾ ਹਾਲਾਤ ’ਚ ਵੇਂਈਂ ਦਾ ਬਾਹਰ ਨਿਕਲਿਆ ਪਾਣੀ ਆਪਣੇ ਕੁਦਰਤੀ ਵਹਾਅ ‘ਚ ਵਗ ਕੇ ਅਗਲੀ ਫ਼ਸਲ ਬੀਜੇ ਜਾਣ ਦੀ ਆਸ ਬੰਨ੍ਹਾਉਂਦਾ ਹੈ ਪ੍ਰੰਤੂ ਸੜਕਾਂ ਬਣਨ ਨਾਲ ਪਾਣੀ ਦੇ ਰੁਕਣ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ। ਮੌਕੇ ’ਤੇ ਪਿੰਡ ਖੋਸਾ ਦੇ ਸੁਰਜੀਤ ਸਿੰਘ ਲੰਬੜਦਾਰ ਅਤੇ ਐੱਨ ਆਰ ਆਈ ਗੁਰਦੇਵ ਸਿੰਘ ਮਠਾੜੂ ਵੱਲੋਂ ਦੱਸਿਆ ਗਿਆ ਕਿ ਸਾਲ 1988 ਵਿਚ ਆਏ ਹੜ੍ਹਾਂ ਨਾਲ ਲੋਹੀਆਂ-ਨਕੋਦਰ ਰੇਲਵੇ ਲਾਈਨ ਇਕ ਡੇਢ ਕਿੱਲੋਮੀਟਰ ਤੱਕ ਟੁੱਟ ਗਈ ਸੀ, ਜਿਸ ਕਰਕੇ ਇਕ ਰੇਲ ਗੱਡੀ ਮਹੀਨੇ ਭਰ ਲਈ ਉੱਥੇ ਹੀ ਖੜ੍ਹੀ ਰਹੀ ਸੀ। ਲੋਕਾਂ ਦਾ ਕਹਿਣਾ ਹੈ ਕਿ ਭਾਰਤ ਮਾਲਾ ਦੇ ਨਾਂ ਹੇਠ ਬਣ ਰਹੀਆਂ ਸੜਕਾਂ ਵਿਚ ਜੇ ਪੁਲੀਆਂ ਨਾ ਰੱਖੀਆਂ ਗਈਆਂ ਤਾਂ ਹੜ੍ਹਾਂ ਵੇਲੇ ਚਿੱਟੀ ਵੇਂਈਂ ਦਾ ਬਾਹਰ ਨਿਕਲਿਆ ਪਾਣੀ ਕਿਸੇ ਝੀਲ ਦਾ ਨਜ਼ਾਰਾ ਹੀ ਪੇਸ਼ ਕਰੇਗਾ, ਜੋ ਸ਼ਾਇਦ ਕਈ ਮਹੀਨਿਆਂ ਤੱਕ ਵੀ ਨਾ ਸੁੱਕ ਸਕੇ। ਮੌਕੇ ’ਤੇ ਲਖਵੀਰ ਸਿੰਘ , ਤੀਰਥ ਸਿੰਘ , ਸੰਤੋਖ ਸਿੰਘ , ਅਵਤਾਰ ਸਿੰਘ ਸਰਪੰਚ ਨਵਾਂ ਪਿੰਡ ਦੋਨੇਵਾਲ , ਮੁਖਤਿਆਰ ਸਿੰਘ , ਸਰਬਣ ਸਿੰਘ ਸਰਪੰਚ , ਨਿਰਮਲ ਸਿੰਘ , ਹਰਬੰਸ ਸਿੰਘ , ਸੁਰਜੀਤ ਸਿੰਘ ਲੰਬੜਦਾਰ , ਸੀਤਲ ਸਿੰਘ ਲੰਬੜਦਾਰ , ਗੁਰਵਿੰਦਰ ਸਿੰਘ , ਸੰਤੋਖ ਸਿੰਘ , ਮਾਸਟਰ ਨਿਰਮਲ ਸਿੰਘ , ਲਖਬੀਰ ਸਿੰਘ ਅਤੇ ਮੰਗਲ ਸਿੰਘ ਟੁਰਨਾ ਵੀ ਮੌਜੂਦ ਸਨ।