ਇੰਡਸਟਰੀ ’ਚ ਮੰਗ ਘਟਣ ਕਾਰਨ ਬਾਹਰੀ ਪੈਟਰੋਲ ਪੰਪਾਂ ਤੋਂ ਲਿਆ ਜਾ ਰਿਹੈ ਡੀਜ਼ਲ
ਇੰਡਸਟਰੀ ’ਚ ਕਮਰਸ਼ੀਅਲ ਡੀਜ਼ਲ ਦੀ ਮੰਗ ਘੱਟੀ, ਆਮ ਕੀਮਤਾਂ ਲਈ ਬਾਹਰੀ ਪੰਪਾਂ ਤੋਂ ਲਿਆ ਜਾ ਰਿਹਾ ਡੀਜ਼ਲ
Publish Date: Mon, 23 Mar 2026 10:05 PM (IST)
Updated Date: Mon, 23 Mar 2026 10:07 PM (IST)

-90 ਫੀਸਦੀ ਸਰਕਾਰੀ ਤੇ 10 ਫੀਸਦੀ ਨਿੱਜੀ ਇੰਡਸਟਰੀ ਨੂੰ ਮਿਲ ਰਿਹਾ ਹੈ ਕਾਰੋਬਾਰੀ ਕੀਮਤਾਂ ’ਤੇ ਡੀਜ਼ਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਡਸਟਰੀ ਲਈ ਡੀਜ਼ਲ ਦੀਆਂ ਕੀਮਤਾਂ ’ਚ 22 ਰੁਪਏ ਦੇ ਵਾਧੇ ਤੋਂ ਬਾਅਦ ਖਪਤ ਕੁਝ ਘੱਟ ਹੋ ਗਈ ਹੈ ਤੇ ਬਾਹਰੀ ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਸੇਲ 25 ਫੀਸਦੀ ਤੱਕ ਵੱਧ ਗਈ ਹੈ। ਇਸ ਕਰ ਕੇ ਸੋਮਵਾਰ ਨੂੰ ਹਾਈਵੇ ਦੇ ਕਈ ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਕਮੀ ਕਾਰਨ ਵੱਡੀਆਂ ਗੱਡੀਆਂ ਨੂੰ ਖਾਲੀ ਵਾਪਸ ਜਾਣਾ ਪਿਆ। ਆਮ ਕੀਮਤਾਂ ਵਾਲੇ ਡੀਜ਼ਲ ਦੀ ਮੰਗ ਵੱਧਣ ਨਾਲ ਸਪਲਾਈ ਵੀ ਦੋ-ਦੋ ਦਿਨ ਲਈ ਪ੍ਰਭਾਵਿਤ ਹੋ ਰਹੀ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਡੀਜੀਐੱਮ ਰਾਘਵਿੰਦਰ ਸਿੰਘ ਨੇ ਕਿਹਾ ਕਿ ਡੀਜ਼ਲ ਢੁੱਕਵੀਂ ਮਾਤਰਾ ’ਚ ਹੈ, ਅਜਿਹਾ ਨਹੀਂ ਹੋ ਸਕਦਾ ਕਿ ਗੱਡੀਆਂ ਨੂੰ ਡੀਜ਼ਲ ਨਾ ਮਿਲੇ, ਹਾਂ ਕੁਝ ਦੇਰ ਜ਼ਰੂਰ ਹੋ ਸਕਦੀ ਹੈ। ਤੇਲ ਕੰਪਨੀਆਂ 90 ਫੀਸਦੀ ਸਰਕਾਰੀ ਅਦਾਰਿਆਂ ਜਿਵੇਂ ਰੋਡਵੇਜ਼, ਆਰਮੀ, ਰੇਲਵੇ ਆਦਿ ਨੂੰ ਕਮਰਸ਼ੀਅਲ ਕੀਮਤਾਂ ’ਤੇ ਡੀਜ਼ਲ ਸਪਲਾਈ ਕਰਦੀਆਂ ਹਨ ਤੇ 10 ਫੀਸਦੀ ਨਿੱਜੀ ਇੰਡਸਟਰੀ ਨੂੰ ਸਿੱਧਾ ਡਿਪੂ ਤੋਂ ਸਪਲਾਈ ਕੀਤਾ ਜਾਂਦਾ ਹੈ। ਕਮਰਸ਼ੀਅਲ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਸਿਰਫ ਜਲੰਧਰ ’ਚ ਹੀ ਸਾਧਾਰਨ ਕੀਮਤਾਂ ਵਾਲੇ ਡੀਜ਼ਲ ਦੀ ਸੇਲ 25 ਫੀਸਦੀ ਵੱਧ ਗਈ ਹੈ। ਇੰਡੀਅਨ ਆਇਲ ਦੇ ਸੇਲਜ਼ ਵਿਭਾਗ ਦੇ ਇੰਚਾਰਜ ਦੁਸ਼ਯੰਤ ਸਿੰਘ ਨੇ ਕਿਹਾ ਕਿ ਨਿੱਜੀ ਸੈਕਟਰ ’ਚ ਕੁਝ ਅਸਰ ਤਾਂ ਪਿਆ ਹੈ। ਸੋਮਵਾਰ ਨੂੰ ਕਈ ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਕਮੀ ਦੇਖਣ ਨੂੰ ਮਿਲੀ, ਕਿਉਂਕਿ ਜੋ ਇੰਡਸਟਰੀ ਪਹਿਲਾਂ ਰੋਜ਼ਾਨਾ 200 ਤੋਂ 300 ਲੀਟਰ ਡੀਜ਼ਲ ਦੀ ਖਪਤ ਕਰਦੀ ਸੀ, ਉਸ ਨੇ ਹੁਣ ਤੇਲ ਕੰਪਨੀਆਂ ਤੋਂ ਸਿੱਧੀ ਸਪਲਾਈ ਲੈਣ ਦੀ ਬਜਾਏ ਆਮ ਕੀਮਤਾਂ ਵਾਲੇ ਪੈਟਰੋਲ ਪੰਪਾਂ ਦਾ ਰੁਖ ਕਰ ਲਿਆ ਹੈ। ਅਚਾਨਕ ਮੰਗ ਵੱਧਣ ਨਾਲ ਜਲੰਧਰ-ਅੰਮ੍ਰਿਤਸਰ ਹਾਈਵੇ ਦੇ ਕਈ ਪੰਪ ਖਾਲੀ ਨਜ਼ਰ ਆਏ। --------------------- ਕਾਰੋਬਾਰੀ ਵਾਹਨਾਂ ਨੂੰ ਡੀਜ਼ਲ ਲਈ ਨਾਂਹ ਸੋਮਵਾਰ ਨੂੰ ‘ਪੰਜਾਬੀ ਜਾਗਰਣ’ ਦੀ ਟੀਮ ਨੇ ਜਲੰਧਰ-ਅੰਮ੍ਰਿਤਸਰ ਹਾਈਵੇ ਦੇ ਤਿੰਨ ਪੈਟਰੋਲ ਪੰਪਾਂ ਦਾ ਜਾਇਜ਼ਾ ਲਿਆ, ਜਿੱਥੇ ਡੀਜ਼ਲ ਖਤਮ ਸੀ ਜਾਂ ਵੱਡੀਆਂ ਗੱਡੀਆਂ ਨੂੰ ਨਹੀਂ ਦਿੱਤਾ ਜਾ ਰਿਹਾ ਸੀ। ਇੱਕ ਪੰਪ ’ਤੇ ਘਰੇਲੂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਨੂੰ ਡੀਜ਼ਲ ਨਹੀਂ ਦਿੱਤਾ ਗਿਆ ਤੇ ਮੁਲਾਜ਼ਮਾਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਸਪਲਾਈ ਨਹੀਂ ਆ ਰਹੀ। ਦੂਜੇ ਪੰਪ ’ਤੇ ਵੀ ਇਹੀ ਹਾਲਾਤ ਸਨ, ਜਦਕਿ ਇਕ ਹੋਰ ਪੰਪ ’ਤੇ ਕਮਰਸ਼ੀਅਲ ਕੰਪਨੀ ਦੇ ਵਾਹਨ ਨੂੰ ਡੀਜ਼ਲ ਭਰਿਆ ਜਾ ਰਿਹਾ ਸੀ। ------------------------- ਵਧ ਰਹੀ ਖਪਤ ’ਤੇ ਰੱਖੀ ਜਾ ਰਹੀ ਹੈ ਨਜ਼ਰ ਤੇਲ ਕੰਪਨੀਆਂ ਦੇ ਪ੍ਰਬੰਧਕਾਂ ਅਨੁਸਾਰ ਕਮਰਸ਼ੀਅਲ ਡੀਜ਼ਲ ਜ਼ਿਆਦਾਤਰ ਸਰਕਾਰੀ ਅਦਾਰਿਆਂ ਨੂੰ ਸਪਲਾਈ ਹੁੰਦਾ ਹੈ, ਜਦਕਿ ਪ੍ਰਾਈਵੇਟ ਕੰਪਨੀਆਂ ਨੂੰ ਸਿਰਫ 10 ਫੀਸਦੀ ਸਪਲਾਈ ਮਿਲਦੀ ਹੈ, ਜੋ ਵੱਡੇ ਗਰੁੱਪ ਲੈਂਦੇ ਹਨ। ਛੋਟੀ ਇੰਡਸਟਰੀ ਵੀ ਕਾਰੋਬਾਰੀ ਡੀਜ਼ਲ ਲੈਂਦੀ ਹੈ, ਜੋ ਹੁਣ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਵੱਧ ਰਹੀ ਖਪਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇੰਡੀਅਨ ਆਇਲ ਅਧਿਕਾਰੀਆਂ ਨੇ ਕਿਹਾ ਕਿ ਤੇਲ ਦੀ ਕੋਈ ਕਮੀ ਨਹੀਂ ਹੈ ਤੇ ਅਜਿਹਾ ਨਹੀਂ ਹੋ ਸਕਦਾ ਕਿ ਕਿਸੇ ਆਮ ਪੰਪ ’ਤੇ ਡੀਜ਼ਲ ਨਾ ਹੋਵੇ। --------------------- ਹੋਟਲਾਂ ਨੂੰ ਇਲੈਕਟ੍ਰਿਕ ਭੱਠੀਆਂ ਦਾ ਸਹਾਰਾ ਹੋਟਲਾਂ ਤੇ ਰੈਸਟੋਰੈਂਟਾਂ ਨੂੰ ਕਮਰਸ਼ੀਅਲ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਕਾਰੋਬਾਰ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਰਸੋਈ ਦਾ ਕੰਮ ਚੱਲਦਾ ਰੱਖਣ ਲਈ ਹੁਣ ਇਲੈਕਟ੍ਰਿਕ ਭੱਠੀਆਂ ਤੇ ਇੰਡਕਸ਼ਨ ਵਰਤੇ ਜਾ ਰਹੇ ਹਨ। ਹੋਟਲ ਚਾਲਕਾਂ ਨੇ ਦੱਸਿਆ ਕਿ ਛੋਟੇ ਰੈਸਟੋਰੈਂਟਾਂ ’ਚ ਰੋਜ਼ਾਨਾ 2 ਤੋਂ 3 ਸਿਲੰਡਰ, ਦਰਮਿਆਨੇ ਦਰਜੇ ਦੇ ਰੈਸਟੋਰੈਂਟਾਂ ’ਚ 5 ਤੋਂ 6 ਤੇ ਵੱਡੇ ਹੋਟਲਾਂ ’ਚ 10 ਜਾਂ ਇਸ ਤੋਂ ਵੱਧ ਸਿਲੰਡਰ ਲੱਗਦੇ ਹਨ। ਪਿਛਲੇ 10 ਦਿਨਾਂ ਤੋਂ ਸਪਲਾਈ ਨਾ ਹੋਣ ਕਰਕੇ ਹੁਣ ਇਲੈਕਟ੍ਰਿਕ ਭੱਠੀਆਂ ਵਰਤੀਆਂ ਜਾ ਰਹੀਆਂ ਹਨ। ਕੁਝ ਹੋਟਲਾਂ ਨੇ ਮੈਨੂ ’ਚੋਂ ਕਈ ਵਿਅੰਜਨ ਵੀ ਘਟਾ ਦਿੱਤੇ ਹਨ। ਮਿਸਾਲ ਵਜੋਂ ਇਕ ਹੋਟਲ ’ਚ ਰੋਜ਼ਾਨਾ ਬਣਦੇ 150 ਸੂਪ ਹੁਣ ਨਹੀਂ ਬਣ ਰਹੇ। -------------------------- ਗੈਸ ਦੀ ਬਚਤ ਵੱਲ ਹੋਟਲਾਂ ਦੇ ਕਦਮ ਕੁਝ ਹੋਟਲਾਂ ਨੇ ਗੈਸ ਦੀ ਬਚਤ ਵੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਸਟਾਫ ਦਾ ਖਾਣਾ ਦੋ ਥਾਵਾਂ ‘ਤੇ ਬਣਦਾ ਸੀ, ਹੁਣ ਇੱਕ ਹੀ ਥਾਂ ‘ਤੇ ਬਣਾਇਆ ਜਾ ਰਿਹਾ ਹੈ। ਰੈਗੂਲਰ ਲੰਚ ਬਫੇ ਦੀ ਥਾਂ ਹੁਣ ਸਿਰਫ ਬੁਕਿੰਗ ’ਤੇ ਹੀ ਬਫੇ ਲਾਇਆ ਜਾ ਰਿਹਾ ਹੈ। ਹੋਟਲ ਮਾਇਆ ਦੇ ਮੀਤ ਪ੍ਰਧਾਨ ਸ਼੍ਰੀ ਰੂਪ ਚੌਧਰੀ ਨੇ ਕਿਹਾ ਕਿ ਕੁਝ ਦਿਨਾਂ ਦਾ ਗੈਸ ਸਟਾਕ ਬਚਿਆ ਹੈ ਅਤੇ ਇਲੈਕਟ੍ਰਿਕ ਭੱਠੀਆਂ ਦੀ ਵਰਤੋਂ ਵਧਣ ਨਾਲ ਬਿਜਲੀ ਦੀ ਖਪਤ ਵੀ ਵੱਧ ਰਹੀ ਹੈ। ਹੋਟਲ ਰਮਾਡਾ ਦੇ ਜੀਐੱਮ ਓਪੀ ਠਾਕੁਰ ਨੇ ਕਿਹਾ ਕਿ ਗੈਸ ਦੀ ਬਚਤ ਲਈ ਹੁਣ ਸਟਾਫ ਦਾ ਖਾਣਾ ਇੱਕ ਹੀ ਥਾਂ ਬਣਾਇਆ ਜਾ ਰਿਹਾ ਹੈ ਤੇ ਇਸ ਤਰੀਕੇ ਨਾਲ ਹੀ ਹਾਲਾਤ ਨਾਲ ਨਜਿੱਠਿਆ ਜਾ ਸਕਦਾ ਹੈ।