ਹੜ੍ਹਾਂ ਦੇ ਖਦਸ਼ੇ ਸਬੰਧੀ ਰਾਣਾ ਦੀ ਅਗਵਾਈ ’ਚ ਡੀਸੀ ਨੂੰ ਮਿਲਿਆ ਵਫ਼ਦ
ਹੜ੍ਹਾਂ ਦੇ ਖਦਸ਼ੇ ਨੂੰ ਲੈ ਕੇ ਰਾਣਾ ਦੀ ਅਗਵਾਈ ‘ਚ ਡੀਸੀ ਨੂੰ ਮਿਲਿਆ ਵਫ਼ਦ
Publish Date: Mon, 16 Mar 2026 08:32 PM (IST)
Updated Date: Mon, 16 Mar 2026 08:34 PM (IST)
-ਪੂਨੀਆ ਤੋਂ ਲੋਹੀਆਂ ਤੱਕ ਹਾਈਵੇਅ ਨੂੰ ਪਿੱਲਰਾਂ 'ਤੇ ਬਣਾਉਣ ਦੀ ਕੀਤੀ ਮੰਗ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਜਾਮਨਗਰ ਤੋਂ ਅੰਮ੍ਰਿਤਸਰ ਤdਕ ਬਣ ਰਹੇ ਨਵੇਂ ਐਕਸਪ੍ਰੈੱਸਵੇ ਐੱਨ.ਐੱਚ 754-ਏ ਕਾਰਨ ਇਲਾਕੇ ਵਿੱਚ ਪੈਦਾ ਹੋਣ ਵਾਲੇ ਹੜ੍ਹਾਂ ਦੇ ਸੰਭਾਵਿਤ ਖਤਰੇ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਦੇ ਵਫਦ ਨੇ ਭਾਜਪਾ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਦੀ ਅਗਵਾਈ ਹੇਠ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਫ਼ਦ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ’ਚ ਆਗਾਮੀ ਬਰਸਾਤੀ ਮੌਸਮ ਦੌਰਾਨ ਹੜ੍ਹਾਂ ਦੀ ਰੋਕਥਾਮ ਲਈ ਹਾਈਵੇ ਦੇ ਡਿਜ਼ਾਈਨ ਵਿਚ ਬਦਲਾਅ ਕਰਨ ਦੀ ਅਪੀਲ ਕੀਤੀ ਗਈ ਹੈ।
ਗੱਲਬਾਤ ਕਰਦਿਆਂ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਪ੍ਰਸਤਾਵਿਤ ਐਕਸਪ੍ਰੈੱਸਵੇ ਹਲਕਾ ਸ਼ਾਹਕੋਟ ਦੇ ਪਿੰਡ ਪੂਨੀਆਂ ਤੋਂ ਲੋਹੀਆਂ ਹੁੰਦਾ ਹੋਇਆ ਅੰਮ੍ਰਿਤਸਰ ਤਕ ਬਣ ਰਿਹਾ ਹੈ। ਬਰਸਾਤ ਦੇ ਮੌਸਮ ’ਚ ਇਸ ਇਲਾਕੇ ਵਿੱਚੋਂ ਲੰਘਦੀ ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਅਕਸਰ ਵੱਧ ਜਾਂਦਾ ਹੈ। ਜੇ ਇਸ ਹਾਈਵੇ ਨੂੰ ਆਮ ਤਰੀਕੇ ਨਾਲ ਮਿੱਟੀ ਦੀ ਭਰਤੀ ਪਾ ਕੇ ਬਣਾਇਆ ਗਿਆ ਤਾਂ ਪਾਣੀ ਦਾ ਕੁਦਰਤੀ ਵਹਾਅ ਰੁਕ ਜਾਵੇਗਾ। ਇਸ ਨਾਲ ਇਲਾਕੇ ਦੇ ਕਰੀਬ 45 ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀਆਂ ਫਸਲਾਂ ’ਤੇ ਪਵੇਗਾ ਅਤੇ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਤੇ ਇਲਾਕਾ ਨਿਵਾਸੀਆਂ ਨੇ ਮੰਗ ਪੱਤਰ ਰਾਹੀਂ ਸਰਕਾਰ ਤੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਪਿੰਡ ਪੂਨੀਆ ਤੋਂ ਲੈ ਕੇ ਲੋਹੀਆਂ ਤੱਕ ਦੇ ਹਾਈਵੇ ਵਾਲੇ ਹਿੱਸੇ ਨੂੰ ਪਿੱਲਰਾਂ ‘ਤੇ ਬਣਾਇਆ ਜਾਵੇ। ਅਜਿਹਾ ਕਰਨ ਨਾਲ ਹੇਠਾਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਵਿਚ ਕੋਈ ਰੁਕਾਵਟ ਨਹੀਂ ਆਵੇਗੀ ਅਤੇ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕੇਗਾ। ਡਿਪਟੀ ਕਮਿਸ਼ਨਰ ਨੇ ਵਫਦ ਨੂੰ ਸਾਰੀਆਂ ਜਾਇਜ਼ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਫਦ ਵਿਚ ਅਵਤਾਰ ਸਿੰਘ ਸਰਪੰਚ ਨਵਾਂ ਪਿੰਡ ਦੋਨੇਵਾਲ, ਕਮਲਜੀਤ ਸਿੰਘ ਸਾਬਕਾ ਸਰਪੰਚ ਪਿੰਡ ਟੁਰਨਾ, ਬਲਦੇਵ ਸਿੰਘ ਸਾਬਕਾ ਸਰਪੰਚ ਪਿੰਡ ਫੁੱਲ ਘੁਦੂਵਾਲ, ਰਾਜਾ ਸਾਬਕਾ ਸਰਪੰਚ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਮੈਂਬਰ ਪੰਚਾਇਤ, ਕਸ਼ਮੀਰ ਸਿੰਘ, ਰਣਜੀਤ ਸਿੰਘ ਕਿਸਾਨ ਆਗੂ, ਭਜਨ ਸਿੰਘ, ਤਰਸੇਮ ਸਿੰਘ ਯੂਐੱਸਏ, ਨਿਰੰਜਨ ਸਿੰਘ ਟੁਰਨਾ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਆਲੀਵਾਲ, ਬਚਨ ਸਿੰਘ, ਬਲਦੇਵ ਸਿੰਘ ਆਦਿ ਸ਼ਾਮਲ ਸਨ।