- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀ ਬੋਲੇ, ਸੜਕ ਹਾਦਸੇ ’ਚ ਕਿਸੇ ਦੀ ਜਾਨ ਗਈ ਜਾਂ ਟ੍ਰੈਫਿਕ ਸਮੱਸਿਆ ਆਈ ਤਾਂ ਸਿੱਧੀ ਅਫਸਰਾਂ ’ਤੇ ਹੋਵੇਗੀ ਕਾਰਵਾਈ

-ਕਿਹਾ, ਅਫਸਰ ਆਪੋ-ਆਪਣੇ ਇਲਾਕੇ ’ਚ ਜਾਂਚ ਕਰਕੇ ਲਾਪਰਵਾਹਾਂ ਦੀ ਜ਼ਿੰਮੇਵਾਰੀ ਤੈਅ ਕਰਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋ ਮਹੀਨੇ ਦੇ ਲੰਬੇ ਵਕਫ਼ੇ ਬਾਅਦ ਸੋਮਵਾਰ ਨੂੰ ਹੋਈ ਰੋਡ ਸੇਫਟੀ ਕਮੇਟੀ ਦੀ ਮੀਟਿੰਗ ’ਚ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਖੁੱਲ੍ਹ ਕੇ ਨਾਰਾਜ਼ਗੀ ਪ੍ਰਗਟਾਈ। ਕਮੇਟੀ ਵੱਲੋਂ ਵੱਖ-ਵੱਖ ਮਸਲਿਆਂ ’ਤੇ ਮੰਗੀਆਂ ਗਈਆਂ ਰਿਪੋਰਟਾਂ, ਖਾਮੀਆਂ ’ਤੇ ਐਕਸ਼ਨ ਪਲਾਨ ਅਤੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਡੀਸੀ ਨੇ ਸਖ਼ਤ ਰਵੱਈਆ ਅਪਣਾਇਆ। ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਮੀਟਿੰਗ ਦੀ ਅਗਵਾਈ ਕਰਦੇ ਹੋਏ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਸੜਕ ਸੁਰੱਖਿਆ ਨਾਲ ਸਬੰਧਤ ਖਾਮੀਆਂ ਨੂੰ ਦੂਰ ਕਰਨ ਦੇ ਮਾਮਲੇ ’ਚ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਇਕੋ ਜਿਹੇ ਬਹਾਨੇ ਸੁਣੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਅਜਿਹਾ ਨਹੀਂ ਚੱਲੇਗਾ। ਸਾਰੇ ਵਿਭਾਗਾਂ ਨੂੰ ਇਕ ਮਹੀਨੇ ਦੀ ਹੋਰ ਮੋਹਲਤ ਦਿੱਤੀ ਜਾ ਰਹੀ ਹੈ। ਮਈ ਤੋਂ ਬਾਅਦ ਜੇ ਕਿਸੇ ਸੜਕ ਹਾਦਸੇ ’ਚ ਕਿਸੇ ਦੀ ਜਾਨ ਜਾਂਦੀ ਹੈ ਜਾਂ ਟ੍ਰੈਫਿਕ ’ਚ ਰੁਕਾਵਟ ਆਉਂਦੀ ਹੈ ਤਾਂ ਸਬੰਧਤ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਿੱਧੀ ਕਾਰਵਾਈ ਹੋਵੇਗੀ। ਚਾਹੇ ਉਹ ਨਗਰ ਨਿਗਮ ਹੋਵੇ, ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ, ਟ੍ਰੈਫਿਕ ਪੁਲਿਸ ਜਾਂ ਕੋਈ ਐੱਸਡੀਐੱਮ ਬਿਨਾਂ ਕਿਸੇ ਸਵਾਲ ਦੇ ਕਾਰਵਾਈ ਕੀਤੀ ਜਾਵੇਗੀ। ਇਸ ਲਈ ਅਧਿਕਾਰੀ ਤਿਆਰ ਰਹਿਣ, ਨਹੀਂ ਤਾਂ ਆਪਣੇ ਖੇਤਰ ਵਿੱਚ ਜਾਂਚ ਕਰਕੇ ਲਾਪਰਵਾਹ ਲੋਕਾਂ ਦੀ ਜ਼ਿੰਮੇਵਾਰੀ ਤੈਅ ਕਰਨ। ਹਾਲਾਂਕਿ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਤੋਂ ਕੁਝ ਸਮੇਂ ਬਾਅਦ ਹੀ ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੇ ਤਬਾਦਲੇ ਦੇ ਹੁਕਮ ਜਾਰੀ ਹੋ ਗਏ, ਜਿਸ ਨਾਲ ਇਹ ਮੀਟਿੰਗ ਉਨ੍ਹਾਂ ਦੀ ਜ਼ਿਲ੍ਹੇ ’ਚ ਆਖਰੀ ਮੀਟਿੰਗ ਸਾਬਤ ਹੋਈ।
-------------------------
ਏਜੰਡੇ ’ਚ ਕੋਈ ਬਦਲਾਅ ਨਾ ਹੋਣ ’ਤੇ ਵੀ ਪ੍ਰਗਟਾਈ ਨਾਰਾਜ਼ਗੀ
ਡੀਸੀ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਮੀਟਿੰਗ ਦੇ ਐਜੰਡੇ ’ਚ ਇਕੋ ਜਿਹੀਆਂ ਸਮੱਸਿਆਵਾਂ ਨੂੰ ਵਾਰ-ਵਾਰ ਦੁਹਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰਟੀਓ ਬਲਵਿੰਦਰ ਸਿੰਘ ਢਿੱਲੋਂ ਦੀ ਨਵੀਂ ਤਾਇਨਾਤੀ ਹੈ ਤੇ ਇਹ ਉਨ੍ਹਾਂ ਦੀ ਪਹਿਲੀ ਮੀਟਿੰਗ ਹੈ ਪਰ ਬਾਕੀ ਵਿਭਾਗਾਂ ਦੇ ਅਧਿਕਾਰੀ ਕੀ ਕਰ ਰਹੇ ਹਨ? ਇਕੋ ਮਸਲੇ ’ਤੇ ਵਾਰ-ਵਾਰ ਰਿਪੋਰਟ ਮੰਗਣ ਤੇ ਕੋਈ ਢੰਗ ਦਾ ਐਕਸ਼ਨ ਪਲਾਨ ਨਾ ਦੇਣ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਕਮੇਟੀ ਮੈਂਬਰਾਂ ਦੀਆਂ ਸਿਫਾਰਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।
---------------------
ਮੌਨਸੂਨ ਤੋਂ ਪਹਿਲਾਂ ਸੜਕਾਂ ਠੀਕ ਕਰਨ ਦੇ ਹੁਕਮ
ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੇ ਮਸਲੇ ’ਤੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਨੇ ਕਿਹਾ ਕਿ ਮੀਂਹ ਕਾਰਨ ਕੰਮ ਕਈ ਵਾਰ ਰੁਕਿਆ ਹੈ ਪਰ ਹੁਣ ਕੰਮ ਜਾਰੀ ਹੈ ਤੇ ਅਗਲੇ ਹਫ਼ਤੇ ਤੋਂ ਤਾਪਮਾਨ ਅਨੁਕੂਲ ਹੋਣ ’ਤੇ ਤੇਜ਼ੀ ਆਵੇਗੀ। ਡੀਸੀ ਨੇ ਹੁਕਮ ਦਿੱਤਾ ਕਿ ਮਾਨਸੂਨ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ ਪੂਰੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਦਿੱਕਤ ਨਾ ਆਵੇ।
-------------------
ਖਤਰਨਾਕ ਗਲਿਆਰਿਆਂ ’ਚ ਕਬਜ਼ਿਆਂ ’ਤੇ ਕਾਰਵਾਈ ਕਰੋ : ਸੈਣੀ
ਕਮੇਟੀ ਮੈਂਬਰ ਸੁਰਿੰਦਰ ਸੈਣੀ ਨੇ ਕਿਹਾ ਕਿ ਖਤਰਨਾਕ ਗਲਿਆਰਿਆਂ ਦੀ ਪਛਾਣ ਕਰਕੇ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਸ਼ਾਸਤਰੀ ਚੌਕ ਤੋਂ ਮਦਨ ਫਲੋਰ ਮਿਲ ਚੌਕ ਤੱਕ ਟਾਇਰਾਂ ਵਾਲੀ ਮਾਰਕੀਟ ਵੱਲੋਂ ਸੜਕ ’ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਨਾਲ ਸਵੇਰੇ-ਸ਼ਾਮ ਟ੍ਰੈਫਿਕ ਜਾਮ ਰਹਿੰਦਾ ਹੈ। ਲਾਡੋਵਾਲੀ ਰੋਡ ’ਤੇ ਕਬਾੜ ਮਾਰਕੀਟ ਦਾ ਵੀ ਇਹੀ ਹਾਲ ਹੈ। ਭਗਵਾਨ ਵਾਲਮੀਕਿ ਚੌਕ ਤੋਂ ਬਸਤੀ ਅੱਡਾ ਚੌਕ ਤੱਕ ਵੀ ਸੜਕ ਦੇ ਦੋਵੇਂ ਪਾਸਿਓਂ ਦੁਕਾਨਾਂ ਦਾ ਸਾਮਾਨ ਪਿਆ ਹੁੰਦਾ ਹੈ, ਜਿਸ ਕਾਰਨ ਐਂਬੂਲੈਂਸ ਵੀ ਫਸ ਜਾਂਦੀ ਹੈ। ਡੀਸੀ ਨੇ ਨਿਗਮ ਨੂੰ ਯੋਜਨਾ ਬਣਾ ਕੇ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ।
------------------------
ਹਾਈਵੇ ਬਲੈਕ ਸਪਾਟ ’ਤੇ ਵਿਸਥਾਰਤ ਰਿਪੋਰਟ ਮੰਗੀ
ਡੀਸੀ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਇੰਜੀਨੀਅਰਾਂ ਨੂੰ ਕਿਹਾ ਕਿ ਹਾਈਵੇ ’ਤੇ ਬਲੈਕ ਸਪਾਟ ਦਾ ਮਸਲਾ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਅਗਲੀ ਮੀਟਿੰਗ ਵਿਚ ਇਸ ਬਾਰੇ ਵਿਸਥਾਰਪੂਰਵਕ ਰਿਪੋਰਟ ਤੇ ਐਕਸ਼ਨ ਪਲਾਨ ਲਿਖਤੀ ਰੂਪ ’ਚ ਪੇਸ਼ ਕੀਤਾ ਜਾਵੇ। ਨਹੀਂ ਤਾਂ ਲਾਪਰਵਾਹੀ ਲਈ ਕਾਰਵਾਈ ਕੀਤੀ ਜਾਵੇਗੀ। ਕਮੇਟੀ ਮੈਂਬਰ ਸੁਰਿੰਦਰ ਸੈਣੀ ਨੇ ਕਿਸ਼ਨਗੜ੍ਹ ’ਚ ਟ੍ਰੈਫਿਕ ਲਾਈਟ ਲੱਗਣ ਤੋਂ ਬਾਅਦ ਸਪੀਡ ਬ੍ਰੇਕਰ ਬਣਾਉਣ ਤੇ ਸ਼ਹਿਰ ’ਚ ਹੈਵੀ ਵਾਹਨਾਂ ਦੀ ਨੋ-ਐਂਟਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਗੱਲ ਵੀ ਕੀਤੀ।