ਸ਼ਾਹਕੋਟ ਤੇ ਮਲਸੀਆਂ ’ਚ ਦਿਨ-ਦਿਹਾੜੇ ਵਾਪਰੀਆਂ ਚੋਰੀ ਦੀਆਂ ਘਟਨਾਵਾਂ
ਸ਼ਾਹਕੋਟ ਤੇ ਮਲਸੀਆਂ ‘ਚ ਦਿਨ-ਦਿਹਾੜੇ ਵਾਪਰੀਆਂ ਚੋਰੀ ਦੀਆਂ ਘਟਨਾਵਾਂ
Publish Date: Sun, 04 Jan 2026 10:04 PM (IST)
Updated Date: Mon, 05 Jan 2026 04:12 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਇਲਾਕੇ ’ਚ ਲਗਾਤਾਰ ਵੱਧ ਰਹੀਆਂ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਨੇ ਆਮ ਲੋਕਾਂ ’ਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਸ਼ਾਹਕੋਟ ਤੇ ਮਲਸੀਆਂ ’ਚ ਦਿਨ-ਦਿਹਾੜੇ 2 ਜਗ੍ਹਾ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਸਥਾਨਕ ਮੁਹੱਲਾ ਗਾਂਧੀ ਚੌਕ ’ਚ ਦਿਨ-ਦਿਹਾੜੇ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਕੇ ਆਏ 2 ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਗਹਿਣਿਆਂ ਤੇ ਨਕਦੀ ’ਤੇ ਹੱਥ ਸਾਫ ਕਰ ਦਿੱਤਾ। ਜਾਣਕਾਰੀ ਦਿੰਦਿਆਂ ਪੀੜਤ ਮੀਨਾਕਸ਼ੀ ਪਤਨੀ ਸਵ. ਅਮਨਦੀਪ ਗੁਪਤਾ ਨੇ ਦੱਸਿਆ ਕਿ ਦੁਪਹਿਰ ਕਰੀਬ 12:15 ਵਜੇ ਉਹ ਆਪਣੇ ਘਰ ਦੇ ਮੇਨ ਗੇਟ ਨੂੰ ਤਾਲਾ ਲਾ ਕੇ ਬਿਲਕੁਲ ਨਾਲ ਲੱਗਦੇ ਆਪਣੇ ਦੂਜੇ ਘਰ ਗਈ ਸੀ। ਉਹ ਜਦ ਕਰੀਬ ਅੱਧੇ ਘੰਟੇ ਬਾਅਦ ਵਾਪਸ ਆਈ ਤਾਂ ਦੇਖਿਆ ਕਿ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਘਰ ਦੀਆਂ ਸਾਰੀਆਂ ਲਾਈਟਾਂ ਜਗ ਰਹੀਆਂ ਸਨ, ਜੋ ਕਿ ਚੋਰੀ ਦਾ ਇਸ਼ਾਰਾ ਕਰ ਰਹੀਆਂ ਸਨ। ਮੀਨਾਕਸ਼ੀ ਵੱਲੋਂ ਰੌਲਾ ਪਾਉਣ ’ਤੇ ਮੁਹੱਲਾ ਨਿਵਾਸੀ ਇਕੱਠੇ ਹੋ ਗਏ। ਪੀੜਤ ਨੇ ਦੱਸਿਆ ਕਿ ਚੋਰ ਘਰ ਅੰਦਰ ਦਾਖਲ ਹੋ ਕੇ ਸਿੱਧਾ ਅਖੀਰਲੇ ਕਮਰੇ ਵਿਚ ਗਏ, ਜਿੱਥੇ ਲੋਹੇ ਦੀ ਅਲਮਾਰੀ ਨੂੰ ਚਾਬੀ ਲੱਗੀ ਹੋਈ ਸੀ। ਚੋਰਾਂ ਨੇ ਅਲਮਾਰੀ ਖੋਲ੍ਹ ਕੇ ਉਸ ’ਚ ਪਏ ਕਰੀਬ 6 ਤੋਲੇ ਸੋਨੇ ਦੇ ਗਹਿਣੇ, ਕੁਝ ਚਾਂਦੀ ਦੇ ਗਹਿਣੇ ਤੇ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਘਟਨਾ ਤੋਂ ਬਾਅਦ ਜਦੋਂ ਮੁਹੱਲੇ ਦੇ ਲੋਕਾਂ ਨੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਸਾਹਮਣੇ ਆਇਆ ਕਿ ਇਕ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਘਰ ਦੇ ਬਾਹਰ ਆ ਕੇ ਰੁਕੇ। ਉਨ੍ਹਾਂ ਨੇ ਬੜੇ ਸ਼ਾਤਿਰ ਤਰੀਕੇ ਨਾਲ ਗਲੀ ’ਚੋਂ ਲੰਘਦੇ ਲੋਕਾਂ ਕੋਲੋਂ ਕਿਸੇ ਦਾ ਪਤਾ ਪੁੱਛਣ ਦਾ ਬਹਾਨਾ ਲਾਇਆ ਤੇ ਮੌਕਾ ਪਾ ਕੇ ਘਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਰੀਬ 12:30 ਵਜੇ ਚੋਰ ਪਿੰਡ ਢੰਡੋਵਾਲ ਵੱਲ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸ਼ਾਹਕੋਟ ਤੋਂ ਏਐੱਸਆਈ ਸਰਵਨ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਘਟਨਾ ਸਬੰਧੀ ਜਾਂਚ ਆਰੰਭ ਦਿੱਤੀ। ਇਸੇ ਤਰ੍ਹਾਂ ਮਲਸੀਆਂ ਦੀ ਹਵੇਲੀ ਪੱਤੀ ਵਿਖੇ ਚੋਰਾਂ ਵੱਲੋਂ ਦਿਨ-ਦਿਹਾੜੇ ਇੱਕ ਬੰਦ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ। ਪੀੜਤ ਬਾਬਾ ਸੰਤੋਖ ਸਿੰਘ (ਸਕੂਟਰਾਂ ਵਾਲੇ) ਨੇ ਦੱਸਿਆ ਕਿ ਉਹ ਆਪਣੀ ਕਿਸੇ ਰਿਸ਼ਤੇਦਾਰੀ ’ਚ ਲੁਧਿਆਣਾ ਗਏ ਹੋਏ ਸਨ। ਉਨ੍ਹਾਂ ਦੇ ਪਿੱਛੋਂ ਘਰ ਬੰਦ ਸੀ। ਇਸੇ ਦੌਰਾਨ ਦਿਨ-ਦਿਹਾੜੇ ਚੋਰ ਘਰ ’ਚ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਘਰ ਦੇ ਬਾਥਰੂਮ ’ਚ ਲੱਗੀਆਂ ਮਹਿੰਗੀਆਂ ਟੂਟੀਆਂ, 50 ਹਜ਼ਾਰ ਰੁਪਏ ਦੀ ਨਕਦੀ, ਇੱਕ ਮਹਿੰਗਾ ਮੋਬਾਈਲ ਫੋਨ, ਵਾਈ-ਫਾਈ ਮਾਡਮ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਕਰੀਬ 2 ਲੱਖ ਰੁਪਏ ਬਣਦੀ ਹੈ। ਚੋਰੀ ਦੀ ਘਟਨਾ ਸਬੰਧੀ ਮਲਸੀਆਂ ਪੁਲਿਸ ਚੌਕੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।