ਪਜ਼ੈਰੋ ਸਵਾਰਾਂ ਵੱਲੋਂ ਅਗਵਾ ਕਰਨ ਦਾ ਦੋਸ਼, ਪੁਲਿਸ ਜਾਂਚ ਜਾਰੀ
ਲਾਂਬੜਾ ਬਾਜ਼ਾਰ ’ਚ ਦਿਨ-ਦਿਹਾੜੇ ਹੰਗਾਮਾ, ਕਾਲੀ ਪਜੈਰੋ ਸਵਾਰਾਂ ਵੱਲੋਂ ਵਿਅਕਤੀ ਨੂੰ ਅਗਵਾ ਕਰਨ ਦਾ ਦੋਸ਼, ਪੁਲਿਸ ਜਾਂਚ ਜਾਰੀ
Publish Date: Mon, 13 Apr 2026 08:52 PM (IST)
Updated Date: Mon, 13 Apr 2026 08:55 PM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਲਾਂਬੜਾ ਬਾਜ਼ਾਰ ਦੇ ਚਿੱਟੀ ਮੋੜ ਨੇੜੇ ਅੱਜ ਦਿਨ-ਦਿਹਾੜੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਾਲੇ ਰੰਗ ਦੀ ਪਜ਼ੈਰੋ ਗੱਡੀ ਸਵਾਰ ਅਣਪਛਾਤਿਆਂ ਵੱਲੋਂ ਇਕ ਵਿਅਕਤੀ ਨੂੰ ਜ਼ਬਰਦਸਤੀ ਗੱਡੀ ’ਚ ਬਿਠਾ ਕੇ ਲੈ ਜਾਣ ਦੀ ਘਟਨਾ ਸਾਹਮਣੇ ਆਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਔਰਤ ਤੇ ਮੋਟਰਸਾਈਕਲ ਸਵਾਰ ਵਿਅਕਤੀ ਨਕੋਦਰ ਵੱਲ ਜਾ ਰਹੇ ਸਨ ਕਿ ਪਿੱਛੋਂ ਆਈ ਕਾਲੀ ਪਜ਼ੈਰੋ ’ਚ ਸਵਾਰ ਕੁਝ ਅਣਪਛਾਤੇ ਹਥਿਆਰਬੰਦਾਂ ਨੇ ਰੋਕ ਲਿਆ। ਇਸ ਦੌਰਾਨ ਮੋਟਰਸਾਈਕਲ ਸਵਾਰ ਨਾਲ ਕੁੱਟਮਾਰ ਕੀਤੀ ਗਈ ਤੇ ਫਿਰ ਉਸ ਨੂੰ ਜਬਰਦਸਤੀ ਗੱਡੀ ’ਚ ਬਿਠਾ ਕੇ ਨਕੋਦਰ ਵੱਲ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਲਾਂਬੜਾ ਬਾਜ਼ਾਰ ’ਚ ਦੁਕਾਨਦਾਰਾਂ ਤੇ ਆਮ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਥਾਨਕ ਲੋਕਾਂ ਨੇ ਕਿਹਾ ਕਿ ਦਿਨ-ਦਿਹਾੜੇ ਹੋਈ ਇਸ ਵਾਰਦਾਤ ਨਾਲ ਇਲਾਕੇ ਦੀ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਬੰਧੀ ਥਾਣਾ ਲਾਂਬੜਾ ਦੇ ਮੁਖੀ ਸਬ ਇੰਸਪੈਕਟਰ ਗੁਰਮੀਤ ਰਾਮ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਮੁਤਾਬਕ ਸ਼ੁਰੂਆਤੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੋ ਸਕਦਾ ਹੈ, ਜਿਸ ਦੀ ਪੂਰੀ ਤਰ੍ਹਾਂ ਤਫਤੀਸ਼ ਕੀਤੀ ਜਾ ਰਹੀ ਹੈ।