ਟ੍ਰੈਵਲ ਏਜੰਸੀ 'ਚ ਦਿਨ-ਦਿਹਾੜੇ ਲੁੱਟ
ਟਰੈਵਲ ਏਜੰਸੀ 'ਤੇ ਦਿਨ ਦਿਹਾੜੇ ਲੁੱਟ
Publish Date: Wed, 15 Apr 2026 09:30 PM (IST)
Updated Date: Wed, 15 Apr 2026 09:33 PM (IST)
-ਤਿੰਨ ਮੁਲਜ਼ਮ 1.08 ਲੱਖ ਲੈ ਕੇ ਫ਼ਰਾਰ
-ਘਟਨਾ ਸੀਸੀਟੀਵੀ ਕੈਮਰੇ ’ਚ ਕੈ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ 2 ਦੀ ਹੱਦ ’ਚ ਪੈਂਦੇ ਹਰਨਾਮਦਾਸ ਪੁਰਾ ’ਚ ਸਥਿਤ ਇਕ ਟ੍ਰੈਵਲ ਏਜੰਸੀ ’ਚ ਦਿਨ ਦਿਹਾੜੇ ਤਿੰਨ ਨੌਜਵਾਨਾਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਤਿੰਨ ਅਣਪਛਾਤੇ ਲੁਟੇਰੇ ਵੈਸਟ ਐਂਡ ਵੈਸਟਰਨ ਯੂਨੀਅਨ ਟੂਰ ਐਂਡ ਟ੍ਰੈਵਲ ਨਾਮਕ ਦੁਕਾਨ ਤੋਂ ਲਗਭਗ 1.08 ਲੱਖ ਨਕਦੀ ਲੈ ਕੇ ਭੱਜ ਗਏ। ਇਹ ਸਾਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਪੀੜਤ ਦੁਕਾਨਦਾਰ ਅਨੁਸਾਰ ਤਿੰਨ ਨੌਜਵਾਨ ਸ਼ਾਮ ਨੂੰ ਦੁਕਾਨ 'ਤੇ ਪੁੱਜੇ। ਇਕ ਦੁਕਾਨ ’ਚ ਦਾਖਲ ਹੋਇਆ ਜਦਕਿ ਬਾਕੀ ਦੋ ਬਾਹਰ ਖੜ੍ਹੇ ਰਹੇ। ਪਹਿਲਾਂ ਅੰਦਰ ਜਾਣ ਵਾਲੇ ਨੌਜਵਾਨ ਨੇ ਦੁਕਾਨ ’ਚ ਮੌਜੂਦ ਨੌਜਵਾਨ ਔਰਤ ਤੋਂ ਟਿਕਟ ਨਾਲ ਸਬੰਧਤ ਜਾਣਕਾਰੀ ਬਾਰੇ ਪੁੱਛਗਿੱਛ ਕੀਤੀ। ਗੱਲਬਾਤ ਦੌਰਾਨ ਉਸ ਨੇ ਮੌਕਾ ਸੰਭਾਲਿਆ ਤੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਕਾਊਂਟਰ ਪਿੱਛੇ ਗਿਆ ਤੇ ਤਿਜੌਰੀ ’ਚੋਂ ਨਕਦੀ ਕੱਢ ਲਈ। ਨਕਦੀ ਕੱਢਣ ਤੋਂ ਬਾਅਦ ਤਿੰਨੇ ਦੋਸ਼ੀ ਮੌਕੇ ਤੋਂ ਭੱਜ ਗਏ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹੀ ਨੌਜਵਾਨ ਪਹਿਲਾਂ ਵੀ ਦੁਪਹਿਰ 3:30 ਵਜੇ ਦੇ ਕਰੀਬ ਦੁਕਾਨ 'ਤੇ ਆਏ ਸਨ। ਉਸ ਸਮੇਂ ਉਨ੍ਹਾਂ ਸਾਰਿਆਂ ਨੇ ਮੂੰਹ 'ਤੇ ਮਾਸਕ ਪਾਏ ਹੋਏ ਸਨ ਤੇ ਥੋੜ੍ਹੀ ਦੇਰ ਬਾਅਦ ਉਹ ਚਲੇ ਗਏ ਸਨ। ਬਾਅਦ ’ਚ ਉਹ ਵਾਪਸ ਆਏ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਏਸੀਪੀ ਸੈਂਟਰਲ ਅਜੇ ਸਿੰਘ ਤੇ ਥਾਣਾ ਨੰਬਰ 2 ਦੇ ਐੱਸਐੱਚਓ ਜਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਘਟਨਾ ਦੀ ਸੂਚਨਾ ਸ਼ਾਮ 6:22 ਵਜੇ ਦੇ ਕਰੀਬ ਮਿਲੀ। ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ ਤੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।