ਖੇਡ ਸਮਾਗਮ ਦਾ ਹਿੱਸਾ ਬਣ ਕੇ ਮਿਲਿਆ ਸਕੂਨ : ਸ਼ੇਰੋਵਾਲੀਆ
ਦਰਬਾਰਾ ਸਿੰਘ ਸਰਕਾਰੀ ਕਾਲਜ ਸ਼ਾਹਕੋਟ ਵੱਲੋਂ ਸ਼ਾਨਦਾਰ ਖੇਡ ਮੇਲਾ ਕਰਵਾਇਆ
Publish Date: Mon, 09 Mar 2026 06:22 PM (IST)
Updated Date: Mon, 09 Mar 2026 06:24 PM (IST)

-ਦਰਬਾਰਾ ਸਿੰਘ ਸਰਕਾਰੀ ਕਾਲਜ ’ਚ ਕੀਤੀ ਇਨਾਮਾਂ ਦੀ ਵੰਡ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ‘ਇਸ ਇਲਾਕੇ ਦੀ ਚਿਰੋਕਣੀ ਮੰਗ ਸੀ ਕਿ ਇੱਥੇ ਸਰਕਾਰੀ ਕਾਲਜ ਦੀ ਸਥਾਪਨਾ ਹੋਵੇ ਤਾਂ ਕਿ ਖੇਤਰ ਦੇ ਬੇਟੇ ਬੇਟੀਆਂ ਚੰਗੀ ਸਿੱਖਿਆ ਪ੍ਰਾਪਤ ਕਰਕੇ ਜ਼ਿੰਦਗੀ ’ਚ ਚੰਗਾ ਮੁਕਾਮ ਹਾਸਿਲ ਕਰ ਸਕਣ। ਉਨ੍ਹਾਂ ਦੀ ਕੋਸ਼ਿਸ਼ ਤੇ ਸਾਥੀਆਂ ਦੇ ਸਹਿਯੋਗ ਨਾਲ ਲੋਕਾਂ ਦੀਆਂ ਉਮੀਦਾਂ ਨੂੰ ਬੂਰ ਪਿਆ ਤਾਂ ਖੁਸ਼ੀ ਹੋਣੀ ਸੁਭਾਵਿਕ ਸੀ। ਅੱਜ ਜਦੋਂ ਕਾਲਜ ਦੇ ਪਹਿਲੇ ਖੇਡ ਸਮਾਗਮ ਦਾ ਹਿੱਸਾ ਬਣਿਆ ਹਾਂ ਤਾਂ ਪ੍ਰਸੰਨਤਾ ਦੇ ਨਾਲ ਨਾਲ ਮਾਨਸਿਕ ਸਕੂਨ ਵੀ ਮਿਲਿਆ ਹੈ’। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦਰਬਾਰਾ ਸਿੰਘ ਸਰਕਾਰੀ ਕਾਲਜ ਦੇ ਪਹਿਲੇ ਖੇਡ ਮੇਲੇ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਨੇ ਖੇਡਾਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਹਲਕਾ ਵਿਧਾਇਕ ਸ਼ੇਰੋਵਾਲੀਆ ਦਾ ਭਾਵਪੂਰਤ ਸ਼ਬਦਾਂ ਰਾਹੀਂ ਸਵਾਗਤ ਕੀਤਾ। ਖੇਡ ਮੇਲੇ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਇਸ ਮੌਕੇ ਕਾਲਜ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਖੇਡ ਮੁਕਾਬਲਿਆਂ ’ਚ ਸੱਚੀ ਸੁੱਚੀ ਖੇਡ ਭਾਵਨਾ ਦੀ ਪਾਲਣਾ ਕਰਨ ਲਈ ਸਹੁੰ ਚੁੱਕਣ ਦੀ ਰਸਮ ਵੀ ਹੋਈ। ਕਾਲਜ ਵਿਦਿਆਰਥੀ ਗੁਰਵਿੰਦਰ ਸਿੰਘ ਜਦੋਂ ਮਿਸ਼ਾਲ ਲੈ ਕੇ ਆਇਆ ਤਾਂ ਮਾਹੌਲ ਉਤਸ਼ਾਹ ਨਾਲ ਭਰ ਗਿਆ। ਇਸੇ ਦੌਰਾਨ ਲੜਕੇ ਤੇ ਲੜਕੀਆਂ ਦੀਆਂ ਦੌੜਾਂ ਦੇ ਮੁਕਾਬਲੇ ਹੋਏ ਇਨਾਂ ਮੁਕਾਬਲਿਆਂ ਨੇ ਜਿੱਥੇ ਦਰਸ਼ਕਾਂ ਅੰਦਰ ਦਿਲਚਸਪੀ ਪੈਦਾ ਕੀਤੀ ਉੱਥੇ ਹਾਂ ਪੱਖੀ ਮੁਕਾਬਲੇਬਾਜ਼ੀ ਦਾ ਖੂਬਸੂਰਤ ਮੰਜ਼ਰ ਨਜ਼ਰ ਆਇਆ। ਇਸ ਮੌਕੇ ਸਟੇਜ ਚਲਾ ਰਹੇ ਪ੍ਰੋਫੈਸਰ ਬਲਵਿੰਦਰ ਸਿੰਘ ਨੇ ਆਪਣੇ ਕਾਵਿਕ ਸ਼ਬਦਾਂ ਰਾਹੀਂ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ।ਇਸ ਸਾਲਾਨਾ ਖੇਡ ਮੇਲੇ ’ਚ ਅਨੇਕਾਂ ਦਿਲਚਸਪ ਮੁਕਾਬਲਿਆਂ ਦਾ ਪ੍ਰਦਰਸ਼ਨ ਹੋਇਆ। ਇਨ੍ਹਾਂ ’ਚ ਗੋਲਾ ਸੁੱਟਣਾ, ਲੰਬੀ ਛਾਲ, ਬੋਰੀ ਰੇਸ, ਚਾਟੀ ਰੇਸ, ਗੁਬਾਰਾ ਰੇਸ, ਰੱਸਾ ਕਸ਼ੀ, ਨਿੰਬੂ ਰੇਸ ਤੇ ਟਰਿਪਲ ਜੰਪ ਸ਼ਾਮਲ ਸਨ। ਬੈਸਟ ਅਥਲੀਟਾਂ ਵਜੋਂ ਤੇਜਵਿੰਦਰ ਸਿੰਘ ਤੇ ਨਵਜੋਤ ਕੌਰ ਦੀ ਚੋਣ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਕਿਹਾ ਕਿ ਖੇਡਾਂ ਸਾਨੂੰ ਜਿੱਥੇ ਤੰਦਰੁਸਤੀ ਬਖਸ਼ਦੀਆਂ ਹਨ, ਉੱਥੇ ਸਮਾਜਿਕ ਰੁਤਬਾ ਬੁਲੰਦ ਕਰਦੀਆਂ ਹਨ ਤੇ ਮਨ ਨੂੰ ਮਜ਼ਬੂਤ ਕਰਦੀਆਂ ਹਨ। ਸਾਲਾਨਾ ਖੇਡ ਮੇਲੇ ਦੌਰਾਨ ਜਿੱਥੇ ਹਰਮਨਦੀਪ ਕੌਰ ਸਾਰਾ ਸਮਾਂ ਸਰਗਰਮ ਨਜ਼ਰ ਆਏ, ਉੱਥੇ ਸਮਾਗਮ ਦੀ ਸਫਲਤਾ ਲਈ ਪੰਜਾਬੀ ਦੇ ਪ੍ਰੋਫੈਸਰ ਬਲਵਿੰਦਰ ਸਿੰਘ, ਕੁਲਵੰਤ ਸਿੰਘ ਢਿੱਲੋ, ਪ੍ਰੋਫੈਸਰ ਜਸਵਿੰਦਰ ਕੌਰ, ਪ੍ਰੋਫੈਸਰ ਅਰਸ਼ਦੀਪ ਸਿੰਘ, ਡਾ. ਕੰਵਲਜੀਤ ਕੌਰ, ਡਾ. ਕਮਲਜੀਤ ਕੌਰ, ਸਮੂਹ ਟੀਚਿੰਗ ਸਟਾਫ, ਨਾਨ-ਟੀਚਿੰਗ ਸਟਾਫ ਨੇ ਆਪੋ-ਆਪਣੇ ਫਰਜ਼ ਤਨਦੇਹੀ ਨਾਲ ਨਿਭਾਏ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪ੍ਰਿੰਸੀਪਲ ਡਾ. ਜਗਜੀਤ ਕੌਰ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਆਦਿ ਨੇ ਕੀਤੀ। ਇਨਾਮਾਂ ’ਚ ਮੈਡਲ ਟਰਾਫੀ ਤੇ ਸਰਟੀਫਿਕੇਟ ਸ਼ਾਮਿਲ ਸਨ। ਕਾਲਜ ਵੱਲੋਂ ਗੁਲਜ਼ਾਰ ਸਿੰਘ ਥਿੰਦ, ਜਗਤਾਰ ਸਿੰਘ ਖਾਲਸਾ, ਸੋਨੂੰ ਕੰਗ ਪੀਏ, ਰੂਬੀ ਕਾਹਲੋਂ, ਮਨਜੀਤ ਸਿੰਘ ਸੱਤਾ ਟਰਾਂਸਪੋਰਟ, ਸੋਨੂੰ ਮਿੱਤਲ, ਡਾ. ਦੀਪਕ ਚੰਦਰ ਐੱਸਐੱਮਓ ਸ਼ਾਹਕੋਟ, ਡਾ.ਧੀਰਜ ਕੁਮਾਰ, ਡਾ. ਰੁਪਿੰਦਰ ਕੌਰ, ਚਰਨਜੀਤ ਸਿੰਘ, ਰਾਹੁਲ ਵਿੱਗ, ਭੀਮ ਸੈਨ ਤੇ ਵਿਨੋਦ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ। ਅੰਤ ’ਚ ਕਾਲਜ ਦੇ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।