ਡੇਅਰੀ ਉੱਦਮ ਸਿਖ਼ਲਾਈ ਕੋਰਸ 23 ਤੋਂ
ਡੇਅਰੀ ਉੱਦਮ ਸਿਖ਼ਲਾਈ ਕੋਰਸ 23 ਫਰਵਰੀ ਤੋਂ
Publish Date: Mon, 16 Feb 2026 07:47 PM (IST)
Updated Date: Mon, 16 Feb 2026 07:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਡਾਇਰੈਕਟਰ, ਡੇਅਰੀ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਵਿਭਾਗ ਵੱਲੋਂ ਚਾਰ ਹਫ਼ਤੇ ਦਾ ਡੇਅਰੀ ਉੱਦਮ ਸਿਖ਼ਲਾਈ ਕੋਰਸ 23 ਫਰਵਰੀ 2026 ਤੋਂ ਡੇਅਰੀ ਸਿਖ਼ਲਾਈ ਕੇਂਦਰ ਫਗਵਾੜਾ ’ਚ ਸ਼ੁਰੂ ਹੋਣ ਜਾ ਰਿਹਾ ਹੈ। ਪੇਂਡੂ ਖੇਤਰ ਨਾਲ ਸਬੰਧਤ ਚਾਹਵਾਨ ਡੇਅਰੀ ਫਾਰਮਰ, ਜਿਨ੍ਹਾਂ ਦੀ ਉਮਰ 18 ਤੋਂ 55 ਸਾਲ ਦੇ ਦਰਮਿਆਨ ਹੋਵੇ ਤੇ ਘੱਟੋ-ਘੱਟ 10ਵੀਂ ਪਾਸ ਹੋਣ ਤੇ ਪਹਿਲਾਂ ਘੱਟੋ-ਘੱਟ 5 ਪਸ਼ੂ ਰੱਖੇ ਹੋਣ, ਸਿਖ਼ਲਾਈ ’ਚ ਹਿੱਸਾ ਲੈ ਸਕਦੇ ਹਨ। ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਡੇਅਰੀ ਸਿਖ਼ਲਾਈ ਕੋਰਸ ਦੌਰਾਨ ਫਾਰਮਰਜ਼ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਵੱਖ-ਵੱਖ ਵਿਸ਼ਾ ਮਾਹਰਾਂ ਵੱਲੋਂ ਪਸ਼ੂਆਂ ਦੀ ਸਾਂਭ-ਸੰਭਾਲ, ਵੱਖ-ਵੱਖ ਬਿਮਾਰੀਆਂ, ਮਨਸੂਹੀ ਗਰਭਦਾਨ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਦੀ ਪ੍ਰੈਕਟੀਕਲ ਸਿਖ਼ਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਾਡਲ ਕੈਟਲ ਸ਼ੈਡਾਂ ਦੀ ਉਸਾਰੀ, ਦੁੱਧ ਚੁਆਈ ਮਸ਼ੀਨਾਂ ਤੇ ਡੇਅਰੀ ਧੰਦੇ ਦੇ ਮੁਕੰਮਲ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਤੇ ਸਬਸਿਡੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਜ਼ਿਲ੍ਹੇ ਦੇ ਚਾਹਵਾਨ 20 ਫਰਵਰੀ 2026 ਤੱਕ ਦਫ਼ਤਰ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਜਲੰਧਰ, ਆਰਡੀਡੀਐੱਲ ਕੰਪਲੈਕਸ, ਲਾਡੋਵਾਲੀ ਰੋਡ ’ਚ ਹਾਜ਼ਰ ਹੋ ਕੇ ਪ੍ਰਾਸਪੈਕਟ (ਫਾਰਮ) ਹਾਸਲ ਕਰ ਸਕਦੇ ਹਨ। ਚੁਣੇ ਹੋਏ ਸਿਖਿਆਰਥੀਆਂ ਦੀ ਫੀਸ (ਜਨਰਲ ਕੈਟਾਗਰੀ ਲਈ 5000 ਰੁਪਏ ਤੇ ਅਨੁਸੂਚਿਤ ਜਾਤੀ ਲਈ 4000 ਰੁਪਏ) ਹੋਵੇਗੀ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94787-26641 ’ਤੇ ਸੰਪਰਕ ਕੀਤਾ ਜਾ ਸਕਦਾ ਹੈ।