ਘਰ ’ਚੋਂ ਸਿਲੰਡਰ ਤੇ ਨਕਦੀ ਲੈ ਗਿਆ ਸਾਈਕਲ ਸਵਾਰ
ਦਿਨ ਦਿਹਾੜੇ ਘਰ ’ਚੋਂ ਸਿਲੰਡਰ ਤੇ ਨਕਦੀ ਚੁੱਕ ਕੇ ਸਾਈਕਲ ਸਵਾਰ ਫਰਾਰ
Publish Date: Thu, 09 Apr 2026 07:13 PM (IST)
Updated Date: Thu, 09 Apr 2026 07:17 PM (IST)

-ਘਰ ਦੀ ਮਾਲਕਣ ਕਮਰੇ ’ਚ ਕਰ ਰਹੀ ਸੀ ਮੋਬਾਈਲ ’ਤੇ ਗੱਲ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਸੱਤ ਦੀ ਹੱਦ ’ਚ ਪੈਂਦੇ ਚੀਮਾ ਨਗਰ ’ਚ ਇਕ ਸਾਈਕਲ ਸਵਾਰ ਨੌਜਵਾਨ ਦਿਨ ਦਿਹਾੜੇ ਇਕ ਘਰ ਦੇ ਅੰਦਰੋਂ ਸਿਲੰਡਰ ਤੇ ਨਗਦੀ ਵਾਲਾ ਪਰਸ ਚੁੱਕ ਕੇ ਫਰਾਰ ਹੋ ਗਿਆ। ਉਸ ਨੌਜਵਾਨ ਨੂੰ ਘਰ ਦੇ ਨਾਲ ਵਾਲੇ ਗੁਆਂਢੀਆਂ ਨੇ ਸਿਲੰਡਰ ਲਿਜਾਂਦੇ ਹੋਏ ਵੀ ਦੇਖਿਆ ਤੇ ਸਮਝਿਆ ਕੀ ਘਰੋਂ ਸਿਲੰਡਰ ਭਰਵਾਉਣ ਲਈ ਲੈ ਕੇ ਜਾ ਰਿਹਾ ਹੈ। ਘਰ ਦੇ ਮਾਲਕ ਦਿਲਦਾਰ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਉਸਦੀ ਪਤਨੀ ਘਰ ’ਚ ਸੀ ਤੇ ਫੋਨ ’ਤੇ ਆਪਣੇ ਕਮਰੇ ’ਚ ਗੱਲ ਕਰ ਰਹੀ ਸੀ। ਇਸ ਦੌਰਾਨ ਘਰ ਦੇ ਬਾਹਰ ਦਾ ਗੇਟ ਖੋਲ੍ਹ ਕੇ ਇਕ ਸਾਈਕਲ ਸਵਾਰ ਅੰਦਰ ਦਾਖਲ ਹੋਇਆ ਤੇ ਬਰਾਡੇ ’ਚ ਪਿਆ ਸਿਲੰਡਰ ਸਾਈਕਲ ਉੱਪਰ ਰੱਖਿਆ, ਇਸ ਤੋਂ ਬਾਅਦ ਕਮਰੇ ਦੇ ਬਾਹਰ ਪਏ ਸਟੂਲ ’ਤੇ ਪਿਆ ਪਰਸ ਜਿਸ ’ਚ ਤਕਰੀਬਨ 7 ਹਜ਼ਾਰ ਰੁਪਏ ਸੀ, ਵੀ ਚੁੱਕ ਲਿਆ। ਇਸ ਤੋਂ ਬਾਅਦ ਬੜੇ ਆਰਾਮ ਨਾਲ ਉਹ ਸਾਈਕਲ ਤੇ ਘਰੋਂ ਨਿਕਲ ਗਿਆ। ਦਿਲਦਾਰ ਸਿੰਘ ਨੇ ਦੱਸਿਆ ਕਿ ਜਦ ਉਹ ਘਰੋਂ ਸਿਲੰਡਰ ਚੁੱਕ ਕੇ ਨਿਕਲਿਆ ਤਾਂ ਉਨ੍ਹਾਂ ਦੇ ਘਰ ਦੇ ਨਾਲ ਗੁਆਂਢੀ ਵੀ ਬਾਹਰ ਖੜ੍ਹੇ ਸਨ। ਜਿਨ੍ਹਾਂ ਨੇ ਇਹੀ ਸਮਝ ਕੇ ਉਸ ਨੂੰ ਨਹੀਂ ਰੋਕਿਆ ਕਿ ਹੋ ਸਕਦਾ ਹੈ ਘਰ ਦੇ ਮਾਲਕਾਂ ਨੇ ਸਿਲੰਡਰ ਭਰਵਾਉਣ ਲਈ ਭੇਜਿਆ ਹੋਵੇ। ਜਦ ਉਸ ਦੀ ਪਤਨੀ ਬਾਹਰ ਆਈ ਤਾਂ ਦੇਖਿਆ ਕਿ ਸਿਲੰਡਰ ਤੇ ਪਰਸ ਗਾਇਬ ਹੈ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਥਾਣਾ ਨੰਬਰ ਸੱਤ ਦੀ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲਿਸ ਘਰ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਕੇ ਮੁਲਜ਼ਮ ਤੱਕ ਪੁੱਜਣ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ।