ਬਦਲਵੀਆਂ ਫ਼ਸਲਾਂ ਦੀ ਖੇਤੀ ਸਮੇਂ ਦੀ ਮੰਗ : ਬਲਕਾਰ ਸਿੰਘ
ਜਲ ਸੰਰੱਖਣ ਲਈ ਵਿਕਲਪਿਕ ਫਸਲਾਂ ਦੀ ਖੇਤੀ ਸਮੇਂ ਦੀ ਮੰਗ : ਬਲਕਾਰ ਸਿੰਘ
Publish Date: Fri, 10 Apr 2026 10:44 PM (IST)
Updated Date: Fri, 10 Apr 2026 10:47 PM (IST)

-ਪੰਜਾਬ ਸਰਕਾਰ ਵੱਲੋਂ 2026 ਝੋਨੇ ਦੇ ਸੀਜ਼ਨ ਲਈ ਕਿਸਾਨਾਂ ਲਈ ਨਵੀਆਂ ਨੀਤੀਆਂ ਦਾ ਐਲਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਨੇ ਸਾਲ 2026 ਝੋਨੇ ਦੇ ਸੀਜ਼ਨ ਨੂੰ ਧਿਆਨ ’ਚ ਰੱਖਦਿਆਂ ਕਿਸਾਨਾਂ ਦੇ ਹਿੱਤ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ। ਪਾਣੀ ਦੀ ਸੰਭਾਲ ਨੂੰ ਹੁਲਾਰਾ ਦੇਣ ਲਈ ਬਦਲਵੀਆਂ ਫਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਗੱਲ ਵਿਧਾਇਕ ਬਲਕਾਰ ਸਿੰਘ ਨੇ ਸ਼ੁੱਕਰਵਾਰ ਨੂੰ ਖੇਤੀ ਕਲਿਆਣ ਵਿਭਾਗ ਵੱਲੋਂ ਲਾਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੇ ਉਦਘਾਟਨੀ ਸਮਾਗਮ ਦੌਰਾਨ ਕਹੀ। ਇਹ ਕੈਂਪ ਨਕੋਦਰ ਰੋਡ ਸਥਿਤ ਨਿੱਜੀ ਰਿਜ਼ੋਰਟ ’ਚ ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ। ਵਿਧਾਇਕ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਤੇ ਖੇਤੀ ਨੂੰ ਲਾਭਕਾਰੀ ਬਣਾਉਣ ਲਈ ਨਵੀਆਂ ਯੋਜਨਾਵਾਂ ਲਾਗੂ ਕਰ ਰਹੀ ਹੈ। ਖਾਸ ਕਰਕੇ ਪਾਣੀ ਦੀ ਬਚਤ ਤੇ ਫਸਲ ਵਿਭਿੰਨਤਾ (ਕ੍ਰਾਪ ਡਾਇਵਰਸੀਫਿਕੇਸ਼ਨ) ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੇ ਨਾਲ ਨਾਲ ਹੋਰ ਫਸਲਾਂ ਦੀ ਖੇਤੀ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਤੀ ਏਕੜ 7000 ਰੁਪਏ ਤੱਕ ਆਰਥਿਕ ਸਹਾਇਤਾ ਦੇਣ ਦੀ ਯੋਜਨਾ ਵੀ ਵਿਚਾਰਧੀਨ ਹੈ ਤਾਂ ਜੋ ਉਹ ਬਦਲਵੀਆਂ ਫਸਲਾਂ ਵੱਲ ਰੁਝਾਨ ਵਧਾ ਸਕਣ। ਇਸ ਦੇ ਨਾਲ ਹੀ ਕਿਸਾਨਾਂ ਨੂੰ ਆਧੁਨਿਕ ਤਕਨੀਕ ਤੇ ਖੇਤੀ ਸੰਦਾਂ ਦੀ ਵਰਤੋਂ ਲਈ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਇਸ ਮੌਕੇ ਵਿਭਾਗ ਦੇ ਜੁਆਇੰਟ ਨਿਰਦੇਸ਼ਕ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ 2025-26 ਦੌਰਾਨ ਸੂਬੇ ’ਚ ਲਗਪਗ 129 ਲੱਖ ਹੈਕਟੇਅਰ ਖੇਤਰ ’ਚ ਖੇਤੀ ਕੀਤੀ ਗਈ ਸੀ, ਜਿਸ ਨਾਲ 1336 ਲੱਖ ਟਨ ਉਤਪਾਦਨ ਪ੍ਰਾਪਤ ਹੋਇਆ। ਸਰਕਾਰ ਦਾ ਟੀਚਾ ਉਤਪਾਦਨ ਵਧਾਉਣ ਦੇ ਨਾਲ-ਨਾਲ ਖਰਚ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਫਾਰਮਰ ਐਗਰੀਸਟੈੱਕ ਵਰਗੇ ਡਿਜ਼ੀਟਲ ਪਲੇਟਫਾਰਮ ਰਾਹੀਂ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਸਿੱਧਾ ਮਿਲੇਗਾ। ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਚੌਲ ’ਚ ਪਾਣੀ ਦੀ ਵੱਧ ਖਪਤ ਨੂੰ ਦੇਖਦਿਆਂ ਮੱਕੀ, ਦਾਲਾਂ ਤੇ ਸਬਜ਼ੀਆਂ ਵਰਗੀਆਂ ਵਿਕਲਪਿਕ ਫਸਲਾਂ ਦੀ ਖੇਤੀ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਲਈ ਪ੍ਰਤੀ ਏਕੜ 1500 ਰੁਪਏ ਤੱਕ ਵਾਧੂ ਸਹਾਇਤਾ ਦੇਣ ਦਾ ਵੀ ਤਜਵੀਜ਼ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੰਢਮ ਦੀ ਵਾਢੀ ਤੋਂ ਬਾਅਦ ਖੇਤਾਂ ’ਚ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਵਿਭਾਗ ਦੀਆਂ ਨੀਤੀਆਂ ਅਨੁਸਾਰ ਉਨ੍ਹਾਂ ਦੀ ਸਹੀ ਵਰਤੋਂ ਕਰਨ ਤੇ ਵਾਤਾਵਰਣ ਨੂੰ ਸਾਫ਼ ਰੱਖਣ ’ਚ ਯੋਗਦਾਨ ਪਾਉਣ। ਇਸ ਮੌਕੇ ਡਾ. ਸੰਜੀਵ ਕਟਾਰੀਆ, ਡਾ. ਮਨਿੰਦਰ ਸਿੰਘ, ਡਾ. ਪ੍ਰਿੰਸ, ਡਾ. ਰਣਜੀਤ ਸਿੰਘ, ਡਾ. ਸੁਖਚੈਨ ਸਿੰਘ, ਡਾ. ਗੁਰਚਰਨ ਸਿੰਘ, ਡਾ. ਸਰਜਤ ਸਿੰਘ, ਡਾ. ਜਸਬੀਰ ਸਿੰਘ, ਡਾ. ਰਮਨ ਕੁਮਾਰ, ਡਾ. ਮਨਦੀਪ ਸਿੰਘ, ਡਾ. ਰਮਨਦੀਪ, ਡਾ. ਲਖਬੀਰ ਸਿੰਘ, ਡਾ. ਜਸਵੀਰ ਸਿੰਘ ਤੇ ਡਾ. ਅਨੀਸ਼ ਚੰਦਰ ਨੇ ਕਿਸਾਨਾਂ ਨੂੰ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।