ਸੀ.ਟੀ. ਗਰੁੱਪ ਦੇ 1000 ਤੋਂ ਵੱਧ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀ
ਸੀਟੀ ਗਰੁੱਪ ਦਾ 11ਵਾਂ ਡਿਗਰੀ ਵੰਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਕਰਵਾਇਆ
Publish Date: Wed, 25 Feb 2026 08:09 PM (IST)
Updated Date: Wed, 25 Feb 2026 08:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਆਪਣਾ 11ਵਾਂ ਡਿਗਰੀ ਵੰਡ ਸਮਾਗਮ ਸ਼ਾਨੋ-ਸ਼ੌਕਤ ਢੰਗ ਨਾਲ ਮਨਾਇਆ। ਸ਼ਾਹਪੁਰ ਤੇ ਮਕਸੂਦਾਂ ਕੈਂਪਸ ਦੇ 1000 ਤੋਂ ਵੱਧ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। “ਗਿਆਨ ਦੀ ਜੋਤ ਅੱਗੇ ਵੱਧਦੀ ਹੈ” ਥੀਮ ਹੇਠ ਕਰਵਾਏ ਇਸ ਸਮਾਗਮ ਨੇ ਗੌਰਵ ਤੇ ਉਤਸ਼ਾਹ ਦਾ ਮਾਹੌਲ ਕਾਇਮ ਕੀਤਾ। ਮਨਜੀਤ ਕੌਰ ਆਡੀਟੋਰੀਅਮ ਖੁਸ਼ੀ ਤੇ ਮਾਣ ਨਾਲ ਗੂੰਜ ਉਠਿਆ। ਇੰਜੀਨੀਅਰਿੰਗ, ਆਰਕੀਟੈਕਚਰ, ਮੈਨੇਜਮੈਂਟ, ਫਾਰਮੇਸੀ, ਹੋਸਪਿਟੈਲਿਟੀ, ਕਾਨੂੰਨ ਤੇ ਡਿਪਲੋਮਾ ਕੋਰਸਾਂ ਦੇ ਵਿਦਿਆਰਥੀਆਂ ਨੇ ਪਰੰਪਰਾਗਤ ਅਕਾਦਮਿਕ ਪਹਿਰਾਵਿਆ ’ਚ ਸਾਲਾਂ ਦੀ ਮਿਹਨਤ ਦਾ ਫਲ ਪ੍ਰਾਪਤ ਕੀਤਾ। ਮੁੱਖ ਮਹਿਮਾਨ ਪ੍ਰੋ. ਡਾ. ਸੁਸ਼ੀਲ ਮਿੱਤਲ, ਵਾਈਸ ਚਾਂਸਲਰ, ਆਈਕੇਜੀ-ਪੀਟੀਯੂ ਨੇ ਸੰਬੋਧਨ ’ਚ ਵਿਦਿਆਰਥੀਆਂ ਨੂੰ ਨਵਚੇਤਨਾ, ਨੈਤਿਕਤਾ ਤੇ ਸਮਾਜਿਕ ਜ਼ਿੰਮੇਵਾਰੀ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਡਿਜ਼ੀਟਲ ਯੁੱਗ ’ਚ ਪ੍ਰਾਪਤ ਗਿਆਨ ਨੂੰ ਇਮਾਨਦਾਰੀ ਤੇ ਸੰਵੇਦਨਸ਼ੀਲਤਾ ਨਾਲ ਵਰਤਣਾ ਹੀ ਅਸਲ ਕਾਮਯਾਬੀ ਹੈ। ਇਸ ਮੌਕੇ ’ਤੇ ਵਿਸ਼ੇਸ਼ ਮਹਿਮਾਨਾਂ ’ਚ ਦੀਪਕ ਬਾਲੀ, ਡਾ. ਅਨੁਪਮ ਦੀਪ ਸ਼ਰਮਾ, ਸਰਵਜੀਤ ਸਿੰਘ ਸਮਰਾ, ਡਾ. ਨਵਦੀਪਕ ਸੰਧੂ ਤੇ ਕਾਮਨਾ ਅਗਰਵਾਲ ਸ਼ਾਮਲ ਸਨ। ਸਮਾਗਮ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ ਦੇ ਮੈਡਲ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਅਗਵਾਈ ਕਰਦੇ ਹੋਏ ਸੀ.ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਨੌਜਵਾਨ “ਗਿਆਨ ਦੇ ਮਸ਼ਾਲਚੀ” ਹਨ ਜੋ ਦੇਸ਼ ਦੀ ਤਰੱਕੀ ’ਚ ਅਹਿਮ ਭੂਮਿਕਾ ਨਿਭਾਉਣਗੇ। ਅੰਤ ’ਚ ਰਵਾਇਤੀ ਟੋਪੀਆਂ ਉਛਾਲਣ ਦੀ ਰਸਮ ਨਾਲ ਸਮਾਗਮ ਦਾ ਸਮਾਪਨ ਹੋਇਆ, ਜੋ ਨਵੇਂ ਐਲੁਮਨੀ ਦੇ ਰੌਸ਼ਨ ਭਵਿੱਖ ਦੀ ਨਿਸ਼ਾਨੀ ਬਣੀ।