ਸੀ.ਟੀ. ਗਰੁੱਪ ਦੇ ਵਿਦਿਆਰਥੀ ਨੇ ਜਿੱਤਿਆ ‘ਸੋਨਾ’
ਸੀਟੀ ਗਰੁੱਪ ਦੇ ਵਿਦਿਆਰਥੀ ਨੇ ਰਾਸ਼ਟਰੀ ਏਆਈਯੂ ਯੂਥ ਫੈਸਟਿਵਲ ’ਚ ਜਿੱਤਿਆ ਸੋਨੇ ਦਾ ਤਗਮਾ
Publish Date: Mon, 16 Mar 2026 06:49 PM (IST)
Updated Date: Mon, 16 Mar 2026 06:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀ.ਟੀ. ਗਰੁੱਪ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਸੰਸਥਾ ਦੇ ਇਕ ਹੁਨਰਮੰਦ ਵਿਦਿਆਰਥੀ ਨੇ ਏਆਈਯੂ ਰਾਸ਼ਟਰੀ ਯੂਥ ਫੈਸਟੀਵਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਪੱਧਰ ’ਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਸੀ.ਟੀ. ਗਰੁੱਪ ਦੇ ਐੱਮਬੀਏ ਦੇ ਪਹਿਲੇ ਸਾਲ ਦੇ ਵਿਦਿਆਰਥੀ ਸ਼ਿਵਾਂਗ ਮਿਸ਼ਰਾ ਨੇ ਮਿਊਜ਼ਿਕ (ਨਾਨ-ਪਰਕਸ਼ਨ) ਸ਼੍ਰੇਣੀ ’ਚ ਸੋਨੇ ਦਾ ਮੈਡਲ ਹਾਸਲ ਕੀਤਾ। ਇਹ ਯੂਥ ਫੈਸਟੀਵਲ ਸਤਿਆਭਾਮਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨਾਲੋਜੀ, ਚੇਨਈ ’ਚ ਕਰਵਾਇਆ ਸੀ। ਆਪਣੀ ਸਫਲਤਾ ਬਾਰੇ ਗੱਲ ਕਰਦੇ ਹੋਏ ਸ਼ਿਵਾਂਗ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਗੀਤ ਯਾਤਰਾ ਦੀ ਸ਼ੁਰੂਆਤ ਸਿਰਫ ਛੇ ਸਾਲ ਦੀ ਉਮਰ ’ਚ ਹੋਈ ਸੀ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੀ ਸਮ੍ਰਿੱਧ ਪਰੰਪਰਾ ਨਾਲ ਜਾਣੂ ਕਰਵਾਇਆ ਤੇ ਪ੍ਰਾਰੰਭਿਕ ਸਿਖਲਾਈ ਦਿੱਤੀ। ਸ਼ਿਵਾਂਗ ਦਾ ਪਰਿਵਾਰ ਲੰਮੇ ਸਮੇਂ ਤੋਂ ਸ਼ਾਸਤਰੀ ਸੰਗੀਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੂੰ ਇਹ ਵਿਰਾਸਤ ਆਪਣੇ ਦਾਦਾ ਪੰਡਿਤ ਅਮਰਨਾਥ ਮਿਸ਼ਰਾ ਤੋਂ ਮਿਲੀ ਹੈ, ਜੋ ਪ੍ਰਸਿੱਧ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਦੇ ਸ਼ਾਗਿਰਦ ਰਹੇ ਹਨ। ਵਾਰਾਣਸੀ ਵਰਗੇ ਸੰਗੀਤ ਤੇ ਸੱਭਿਆਚਾਰ ਲਈ ਮਸ਼ਹੂਰ ਸ਼ਹਿਰ ਨਾਲ ਸਬੰਧਤ ਸ਼ਿਵਾਂਗ ਮਿਸ਼ਰਾ ਆਪਣੇ ਪ੍ਰਸਿੱਧ ਸੰਗੀਤਕ ਪਰਿਵਾਰ ਦੀ ਸੱਤਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹਨ। ਭਾਰਤੀ ਸ਼ਾਸਤਰੀ ਵਾਦਕ ਸੰਗੀਤ ਲਈ ਉਨ੍ਹਾਂ ਦਾ ਜਜ਼ਬਾ ਮਸ਼ਹੂਰ ਸਿਤਾਰ ਵਾਦਕ ਪੁਰਬਾਯਨ ਚੈਟਰਜੀ ਦੀ ਕਲਾ ਤੋਂ ਵੀ ਬਹੁਤ ਪ੍ਰੇਰਿਤ ਹੈ। ਉਨ੍ਹਾਂ ਦੀ ਕਲਾ ਨੇ ਸ਼ਿਵਾਂਗ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੀ ਵਿਰਾਸਤ ਨੂੰ ਸੰਭਾਲਣ ਤੇ ਅੱਗੇ ਵਧਾਉਣ ਲਈ ਉਤਸ਼ਾਹਤ ਕੀਤਾ ਹੈ। ਸੀ.ਟੀ. ਗਰੁੱਪ ਨੇ ਵੀ ਸ਼ਿਵਾਂਗ ਦੀ ਪ੍ਰਤਿਭਾ ਨੂੰ ਨਿਖਾਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਸੰਸਥਾ ਵਿਦਿਆਰਥੀਆਂ ਨੂੰ ਸਹਾਇਕ ਅਕਾਦਮਿਕ ਮਾਹੌਲ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸੱਭਿਆਚਾਰਕ ਗਤੀਵਿਧੀਆਂ ਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਲਗਾਤਾਰ ਉਤਸ਼ਾਹਤ ਕਰਦੀ ਹੈ। ਵੱਖ-ਵੱਖ ਸੱਭਿਆਚਾਰਕ ਮੰਚਾਂ, ਮਾਰਗਦਰਸ਼ਨ ਤੇ ਮੌਕਿਆਂ ਰਾਹੀਂ ਵਿਦਿਆਰਥੀਆਂ ਨੂੰ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਦਾ ਹੈ। ਇਸ ਮਹੱਤਵਪੂਰਨ ਉਪਲਬਧੀ ‘ਤੇ ਵਧਾਈ ਦਿੰਦਿਆਂ ਸੀ.ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਨੇ ਕਿਹਾ ਕਿ ਸ਼ਿਵਾਂਗ ਦੀ ਇਹ ਸਫਲਤਾ ਸੰਸਥਾ ਦੀ ਸਰਬਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਟੀ. ਗਰੁੱਪ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਦੇ ਨਾਲ-ਨਾਲ ਸੱਭਿਆਚਾਰਕ, ਰਚਨਾਤਮਕ ਤੇ ਪੇਸ਼ੇਵਰ ਖੇਤਰਾਂ ’ਚ ਵੀ ਅੱਗੇ ਵਧਣ ਲਈ ਪ੍ਰੋਤਸਾਹਿਤ ਕਰਦਾ ਹੈ। ਇਸ ਮੌਕੇ ’ਤੇ ਸੀ.ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਵੀ ਸ਼ਿਵਾਂਗ ਮਿਸ਼ਰਾ ਨੂੰ ਦਿਲੋਂ ਵਧਾਈ ਦਿੱਤੀ ਤੇ ਭਾਰਤੀ ਸ਼ਾਸਤਰੀ ਸੰਗੀਤ ਦੀ ਸਮ੍ਰਿੱਧ ਪਰੰਪਰਾ ਨੂੰ ਜਾਰੀ ਰੱਖਣ ਲਈ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਉਪਲੱਬਧੀਆਂ ਨੌਜਵਾਨ ਕਲਾਕਾਰਾਂ ਦੀ ਅਪਾਰ ਸਮਰੱਥਾ ਨੂੰ ਦਰਸਾਉਂਦੀਆਂ ਹਨ ਤੇ ਸੀ.ਟੀ. ਗਰੁੱਪ ਦੀ ਰਚਨਾਤਮਕਤਾ, ਸੱਭਿਆਚਾਰ ਤੇ ਉਤਕ੍ਰਿਸ਼ਟਤਾ ਨੂੰ ਪ੍ਰੋਤਸਾਹਿਤ ਕਰਨ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀਆਂ ਹਨ। ਸੰਸਥਾ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵੀ ਸ਼ਿਵਾਂਗ ਮਿਸ਼ਰਾ ਨੂੰ ਦਿੱਲੋਂ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਇਹ ਉਪਲੱਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਬਣੇਗੀ, ਜੋ ਉਨ੍ਹਾਂ ਨੂੰ ਆਪਣੇ ਜਜ਼ਬੇ ਤੇ ਹੁਨਰ ਨੂੰ ਲਗਨ ਤੇ ਮਿਹਨਤ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕਰੇਗੀ।