ਸੀ.ਟੀ.ਗਰੁੱਪ ਸ਼ਾਹਪੁਰ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ
ਸੀਟੀ ਗਰੁੱਪ ਸ਼ਾਹਪੁਰ ਨੇ ਜਿੱਤਿਆ ਆਈਕੇਜੀ ਪੀਟੀਯੂ ਇੰਟਰ-ਕਾਲਜ ਕ੍ਰਿਕਟ ਟੂਰਨਾਮੈਂਟ 2026 ਦਾ ਖਿਤਾਬ
Publish Date: Tue, 10 Mar 2026 06:54 PM (IST)
Updated Date: Tue, 10 Mar 2026 06:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਅਦਾਰੇ ਸੀ.ਟੀ. ਇੰਸਟੀਚਿਊਟ ਆਫ ਫਾਰਮਾਸਿਊਟਿਕਲ ਸਾਇੰਸਿਜ਼ ਨੇ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੰਟਰ-ਕਾਲਜ ਕ੍ਰਿਕਟ ਟੂਰਨਾਮੈਂਟ 2026 ਦੇ ਫਾਈਨਲ ਮੁਕਾਬਲੇ ’ਚ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੂੰ ਰੋਮਾਂਚਕ ਮੈਚ ’ਚ ਹਰਾ ਕੇ ਚੈਂਪੀਅਨਸ਼ਿਪ ਟਰਾਫੀ ਆਪਣੇ ਨਾਂ ਕਰ ਲਈ। ਇਸ ਟੂਰਨਾਮੈਂਟ ’ਚ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੀਆਂ ਕੁੱਲ 35 ਟੀਮਾਂ ਨੇ ਹਿੱਸਾ ਲਿਆ, ਜਿਸ ਨਾਲ ਮੁਕਾਬਲਾ ਕਾਫ਼ੀ ਰੋਮਾਂਚਕ ਤੇ ਮੁਕਾਬਲੇਦਾਰ ਬਣ ਗਿਆ। ਫਾਈਨਲ ਮੈਚ 40 ਓਵਰਾਂ ਦਾ ਖੇਡਿਆ ਗਿਆ, ਜਿਸ ’ਚ ਦੋਵੇਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸੀ ਟੀ ਆਈਪੀਐੱਸ ਦੀ ਟੀਮ ਨੇ 109 ਦੌੜਾਂ ਬਣਾਈਆਂ। ਜਵਾਬ ’ਚ ਡੀਏਵੀਆਈਈਟੀ ਦੀ ਟੀਮ ਨੇ ਭਰਪੂਰ ਕੋਸ਼ਿਸ਼ ਕੀਤੀ ਪਰ ਪੂਰੀ ਟੀਮ 103 ਦੌੜਾਂ ‘ਤੇ ਆਊਟ ਹੋ ਗਈ। ਇਸ ਤਰ੍ਹਾਂ ਸੀ ਟੀ ਆਈਪੀਐੱਸ ਨੇ 6 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਮੌਕੇ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਖੇਡ ਵਿਭਾਗ ਦੇ ਮੁਖੀ ਸਤਪਾਲ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਵਿਦਿਆਰਥੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦੇ ਨਾਲ-ਨਾਲ ਲੀਡਰਸ਼ਿਪ, ਟੀਮ ਵਰਕ ਤੇ ਅਨੁਸ਼ਾਸਨ ਵਰਗੀਆਂ ਗੁਣਾਂ ਨੂੰ ਵਿਕਸਿਤ ਕਰਨ ਦਾ ਵਧੀਆ ਮੌਕਾ ਦਿੰਦੇ ਹਨ। ਇਸ ਜਿੱਤ ਨਾਲ ਸੀਟੀਆਈਪੀਐੱਸ ਨੇ ਆਈਕੇਜੀ ਪੀਟੀਯੂ ਇੰਟਰ-ਕਾਲਜ ਕ੍ਰਿਕਟ ਟੂਰਨਾਮੈਂਟ 2026 ਦਾ ਖਿਤਾਬ ਜਿੱਤ ਕੇ ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਲਈ ਮਾਣ ਵਧਾਇਆ।