ਸੀਟੀ ਗਰੁੱਪ ਨੇ ਕਰਵਾਈ 17ਵੀਂ ਸੀਟੀ ਹਾਫ ਮੈਰਾਥਨ ‘ਦੌੜਦਾ ਪੰਜਾਬ’
ਸੀਟੀ ਗਰੁੱਪ ਵੱਲੋਂ 17ਵੀਂ ਸੀਟੀ ਹਾਫ ਮੈਰਾਥਨ ‘ਦੌੜਦਾ ਪੰਜਾਬ’, 7000 ਤੋਂ ਵੱਧ ਦੌੜਾਕਾਂ ਦੀ ਸ਼ਾਨਦਾਰ ਭਾਗੀਦਾਰੀ
Publish Date: Sun, 08 Mar 2026 06:43 PM (IST)
Updated Date: Mon, 09 Mar 2026 04:10 AM (IST)

* 7000 ਤੋਂ ਵੱਧ ਦੌੜਾਕਾਂ ਦੀ ਸ਼ਾਨਦਾਰ ਭਾਗੀਦਾਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਸੀਟੀ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਦੇ ਸਹਿਯੋਗ ਨਾਲ ਸ਼ਾਹਪੁਰ ਕੈਂਪਸ ਵਿਖੇ 17ਵੀਂ ਸੀਟੀ ਹਾਫ ਮੈਰਾਥਨ ‘ਦੌੜਦਾ ਪੰਜਾਬ’ ਕਰਵਾਈ। “ਯੁੱਧ ਨਸ਼ਿਆਂ ਵਿਰੁੱਧ” ਥੀਮ ਹੇਠ ਕਰਵਾਈ ਗਈ ਇਸ ਮੈਰਾਥਨ ’ਚ ਪੰਜਾਬ ਤੇ ਨੇੜਲੇ ਇਲਾਕਿਆਂ ਤੋਂ ਆਏ 7000 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ। ਸਮਾਗਮ ਦਾ ਮੁੱਖ ਉਦੇਸ਼ ਨਸ਼ਾ ਮੁਕਤ ਪੰਜਾਬ ਦਾ ਸੰਦੇਸ਼ ਫੈਲਾਉਣਾ ਤੇ ਨੌਜਵਾਨਾਂ ਨੂੰ ਖੇਡਾਂ, ਫਿਟਨੈੱਸ ਤੇ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨਾ ਸੀ। ਇਸ ਮੈਰਾਥਨ ’ਚ ਜਲੰਧਰ ਪ੍ਰੀਮੀਅਰ ਲੀਗ ਤੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਸਮੇਤ ਕਈ ਸੰਸਥਾਵਾਂ ਨੇ ਸਹਿਯੋਗ ਦਿੱਤਾ। ਸਮਾਗਮ ਇਸ ਵਾਰ ਉਸਤਾਦ ਪੂਰਨ ਸ਼ਾਹ ਕੋਟੀ ਤੇ ਮਹਾਨ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਸਵੇਰੇ ਤੜਕੇ ਸ਼ੁਰੂ ਹੋਈ ਦੌੜ ’ਚ ਖਿਡਾਰੀਆਂ, ਵਿਦਿਆਰਥੀਆਂ, ਫਿਟਨੈੱਸ ਪ੍ਰੇਮੀਆਂ, ਸੀਨੀਅਰ ਸਿਟੀਜ਼ਨਾਂ ਤੇ ਵਿਸ਼ੇਸ਼ ਯੋਗਤਾ ਵਾਲੇ ਭਾਗੀਦਾਰਾਂ ਨੇ ਭਾਗ ਲੈ ਕੇ ਇਸਨੂੰ ਇੱਕ ਵੱਡੇ ਸਮਾਜਿਕ ਅਭਿਆਨ ਦਾ ਰੂਪ ਦਿੱਤਾ। ਮੈਰਾਥਨ ਦਾ ਮੁੱਖ ਆਕਰਸ਼ਣ 21.1 ਕਿਲੋਮੀਟਰ ਹਾਫ ਮੈਰਾਥਨ ਰਿਹਾ। ਮਹਿਲਾ ਵਰਗ ’ਚ ਤਸਹਾਇ ਦੇਸਾਲੇਗਨ ਨੇ 1:16:19 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਟਿਗਿਸਟ ਡਿਬਾਬਾ 1:16:25 ਨਾਲ ਦੂਜੇ ਤੇ ਸੇਨਾਜੀਤ 1:17:22 ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਹੀ। ਪੁਰਸ਼ ਵਰਗ ’ਚ ਫਿਰੋਮਸਾ ਅਰਾਰਸਾ ਪਹਿਲੇ ਸਥਾਨ ’ਤੇ ਰਹੇ, ਜਦਕਿ ਰੋਹਿਤ ਦੂਜੇ ਤੇ ਮਾਮੋ ਗਿਜਾਉ ਅਬੇ ਤੀਜੇ ਸਥਾਨ ’ਤੇ ਰਹੇ। 5 ਕਿਲੋਮੀਟਰ ਵੈਟਰਨ ਵਰਗ ’ਚ ਮਹਿਲਾ ਦੌੜ ’ਚ ਸੁਮੀਨਾ ਪਹਿਲੇ, ਕਮਲਜੀਤ ਕੌਰ ਦੂਜੇ ਤੇ ਨਰਿੰਦਰ ਕੌਰ ਤੀਜੇ ਸਥਾਨ ’ਤੇ ਰਹੀਆਂ। ਪੁਰਸ਼ ਵੈਟਰਨ ਵਰਗ ’ਚ ਸਰਬ ਰਾਜ ਕੁਮਾਰ ਪਹਿਲੇ, ਸੁਨੀਲ ਸ਼ਰਮਾ ਦੂਜੇ ਤੇ ਕੁਲਵੰਤ ਸਿੰਘ ਤੀਜੇ ਸਥਾਨ ’ਤੇ ਰਹੇ। 5 ਕਿਲੋਮੀਟਰ ਓਪਨ ਕੈਟੇਗਰੀ ’ਚ ਮਹਿਲਾ ਵਰਗ ’ਚ ਅਬੇਰੂ ਗਮੇਚੂ ਪਹਿਲੇ, ਅਰਪਿਤਾ ਦੂਜੇ ਤੇ ਹਰਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ, ਜਦਕਿ ਪੁਰਸ਼ ਵਰਗ ’ਚ ਰਵੀ ਦੂਜੇ ਤੇ ਵਾਸ਼ੇ ਤੇਬੇਜੇ ਕਿਨੇਟੋ ਤੀਜੇ ਸਥਾਨ ’ਤੇ ਰਹੇ। ਸਮਾਜਿਕ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਗਤਾ ਵਾਲੇ ਭਾਗੀਦਾਰਾਂ ਲਈ ਵੀ ਖਾਸ ਦੌੜ ਕਰਵਾਈ ਗਈ। ਇਸ ਦੇ ਨਾਲ ਹੀ ਯੂਨੀਕ ਹੋਮ, ਆਖ਼ਰੀ ਉਮੀਦ, ਪ੍ਰਯਾਸ ਸਪੈਸ਼ਲ ਸਕੂਲ ਤੇ ਅਪਾਹਿਜ ਆਸ਼ਰਮ ਵਰਗੀਆਂ ਸੰਸਥਾਵਾਂ ਨੂੰ ਨਕਦ ਸਹਾਇਤਾ ਦੇ ਕੇ ਸਮਾਜ ਸੇਵਾ ਦਾ ਸੰਦੇਸ਼ ਦਿੱਤਾ ਗਿਆ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਵੱਖ-ਵੱਖ ਖੇਤਰਾਂ ’ਚ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਮੇਅਰ ਵਿਨੀਤ ਧੀਰ, ਰਾਜਵਿੰਦਰ ਕੌਰ ਥਿਆਰਾ, ਏਡੀਸੀਪੀ ਸੁਖਵਿੰਦਰ ਸਿੰਘ ਤੇ ਏਡੀਸੀ ਦਿਵਿਆ ਪੀ ਸਮੇਤ ਕਈ ਪ੍ਰਮੁੱਖ ਹਸਤੀਆਂ ਮੌਜੂਦ ਰਹੀਆਂ। ਇਸ ਮੌਕੇ ਪੰਜਾਬੀ ਗਾਇਕ ਮਾਸਟਰ ਸਲੀਮ ਤੇ ਗਗਨ ਕੋਕਰੀ ਨੇ ਵੀ ਹਾਜ਼ਰੀ ਭਰ ਕੇ ਦੌੜਾਕਾਂ ਦਾ ਹੌਂਸਲਾ ਵਧਾਇਆ, ਜਦਕਿ ਮਹਾਨ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਨੇ ਸਮਾਗਮ ਨੂੰ ਹੋਰ ਪ੍ਰੇਰਣਾਦਾਇਕ ਬਣਾਇਆ। ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੀਟੀ ਗਰੁੱਪ ਸਿੱਖਿਆ ਦੇ ਨਾਲ-ਨਾਲ ਸਮਾਜਿਕ ਜਾਗਰੂਕਤਾ ਲਈ ਵੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਮੈਰਾਥਨ ਸਿਰਫ਼ ਖੇਡ ਸਮਾਗਮ ਨਹੀਂ, ਸਗੋਂ ਨੌਜਵਾਨਾਂ ਨੂੰ ਫਿਟਨੈੱਸ ਤੇ ਸਕਾਰਾਤਮਕ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਵਾਲਾ ਸਮਾਜਿਕ ਅਭਿਆਨ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅਜਿਹੇ ਸਮਾਗਮ ਨਸ਼ਾ ਵਿਰੋਧੀ ਮੁਹਿੰਮ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਮੌਕੇ ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ਼ ਲੜਨ ਤੇ ਨਸ਼ਾ ਮੁਕਤ ਸਮਾਜ ਬਣਾਉਣ ਲਈ ਸੌਂਹ ਵੀ ਦਿਵਾਈ।17ਵੀਂ ਸੀਟੀ ਹਾਫ ਮੈਰਾਥਨ ‘ਦੌੜਦਾ ਪੰਜਾਬ’ ਵੱਡੀ ਭਾਗੀਦਾਰੀ ਤੇ ਉਤਸ਼ਾਹ ਨਾਲ ਸਫ਼ਲਤਾਪੂਰਵਕ ਸੰਪੰਨ ਹੋਈ, ਜਿਸ ਨੇ ਫਿਟਨੈੱਸ, ਸਮਾਜਿਕ ਜਾਗਰੂਕਤਾ ਤੇ ਮਹਿਲਾ ਸਸ਼ਕਤੀਕਰਨ ਦਾ ਮਜ਼ਬੂਤ ਸੰਦੇਸ਼ ਦਿੰਦਿਆਂ ਨਸ਼ਾ ਮੁਕਤ ਤੇ ਸਿਹਤਮੰਦ ਪੰਜਾਬ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਕੀਤਾ।