ਸੀ.ਟੀ. ਗਰੁੱਪ ’ਚ ਮਹਿਲਾ ਸਸ਼ਕਤੀਕਰਨ ’ਤੇ ਪੈਨਲ ਚਰਚਾ
ਸੀਟੀ ਗਰੁੱਪ ਵੱਲੋਂ ਮਹਿਲਾ ਸਸ਼ਕਤੀਕਰਨ ’ਤੇ ਪ੍ਰੇਰਣਾਦਾਇਕ ਪੈਨਲ ਚਰਚਾ ਕਰਵਾਈ
Publish Date: Wed, 18 Mar 2026 08:28 PM (IST)
Updated Date: Wed, 18 Mar 2026 08:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼, ਨੌਰਥ ਕੈਂਪਸ, ਮਕਸੂਦਾਂ ਵੱਲੋਂ “ਅੱਜ ਸਸ਼ਕਤ, ਕੱਲ੍ਹ ਅਟੁੱਟ” ਵਿਸ਼ੇ ’ਤੇ ਇਕ ਪ੍ਰੇਰਨਾਦਾਇਕ ਪੈਨਲ ਚਰਚਾ ਕਰਵਾਈ ਗਈ। ਇਸ ਦਾ ਮਕਸਦ ਨੌਜਵਾਨਾਂ ’ਚ ਮਹਿਲਾ ਸਸ਼ਕਤੀਕਰਨ, ਲਿੰਗ ਸਮਾਨਤਾ ਤੇ ਆਤਮ-ਵਿਸ਼ਵਾਸ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਸੈਸ਼ਨ ’ਚ ਪੈਨਲਿਸਟਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ’ਚ ਮੇਜਰ ਮੋਨਿਕਾ (ਭਾਰਤੀ ਫੌਜ), ਸੁਸ਼ਰੀ ਪਰਵੀਨ ਅਬਰੋਲ (ਪ੍ਰਧਾਨ, ਦਿਵਿਆ ਦ੍ਰਿਸ਼ਟੀ ਐੱਨਜੀਓ), ਸੁਸ਼ਰੀ ਹੀਨਾ ਸ਼ਰਮਾ (ਰੇਡੀਓ ਜੌਕੀ, ਰੇਡੀਓ ਮਿਰਚੀ ਪੰਜਾਬ) ਤੇ ਡਾ. ਦਲਵਿੰਦਰ ਕੌਰ (ਸਹਾਇਕ ਪ੍ਰੋਫੈਸਰ, ਗਲੋਬਲਨੇਕਸਟ ਯੂਨੀਵਰਸਿਟੀ, ਮਲੇਸ਼ੀਆ) ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਜੀਵਨ ਦੇ ਤਜਰਬੇ, ਸੰਘਰਸ਼ ਤੇ ਕਾਮਯਾਬੀਆਂ ਸਾਂਝੀਆਂ ਕਰਦਿਆਂ ਹੌਸਲੇ, ਲਗਨ ਤੇ ਸਮਾਜਿਕ ਰੁਕਾਵਟਾਂ ਨੂੰ ਤੋੜਨ ਦੇ ਜਜ਼ਬੇ ’ਤੇ ਜ਼ੋਰ ਦਿੱਤਾ। ਇਸ ਚਰਚਾ ਦਾ ਸੁਚੱਜਾ ਸੰਚਾਲਨ ਡਾ. ਸਾਧਨਾ, ਮੁਖੀ ਪ੍ਰਬੰਧਨ ਵਿਭਾਗ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਇਕ ਦਿਲਚਸਪ ਇੰਟਰਐਕਟਿਵ ਸੈਸ਼ਨ ਵੀ ਕਰਵਾਇਆ, ਜਿਸ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਵਿਅਕਤੀਗਤ ਵਿਕਾਸ ਤੇ ਪੇਸ਼ੇਵਰ ਤਰੱਕੀ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ’ਤੇ ਸੀ.ਟੀ. ਗਰੁੱਪ ਦੀ ਜਾਇੰਟ ਮੈਨੇਜਿੰਗ ਡਾਇਰੈਕਟਰ ਤਨਿਕਾ ਚੰਨੀ ਤੇ ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ ਵੀ ਮੌਜੂਦ ਸਨ। ਤਨਿਕਾ ਚੰਨੀ ਨੇ ਨੌਜਵਾਨ ਔਰਤਾਂ ’ਚ ਆਤਮ-ਵਿਸ਼ਵਾਸ ਤੇ ਲੀਡਰਸ਼ਿਪ ਗੁਣਾਂ ਨੂੰ ਵਿਕਸਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ, ਜਦਕਿ ਪਰਮਿੰਦਰ ਕੌਰ ਚੰਨੀ ਨੇ ਪੁਰਾਣੀਆਂ ਧਾਰਨਾਵਾਂ ਨੂੰ ਤੋੜ ਕੇ ਔਰਤਾਂ ਲਈ ਸਹਿਯੋਗੀ ਮਾਹੌਲ ਬਣਾਉਣ ਦੀ ਅਹਿਮੀਅਤ ਦੱਸੀ। ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਅਰਥਪੂਰਨ ਸੰਵਾਦ ਵਿਦਿਆਰਥੀਆਂ ਦੀ ਸੋਚ ਨੂੰ ਵਿਸਤਾਰ ਦਿੰਦੇ ਹਨ।