ਮਹਾ ਸ਼ਿਵਰਾਤਰੀ ਮੌਕੇ ਸ਼ਹਿਰ ਦੇ ਮੰਦਰਾਂ ’ਚ ਉਮੜੀ ਸ਼ਰਧਾਲੂਆਂ ਦੀ ਭੀੜ, ਦੇਰ ਰਾਤ ਤੱਕ ਚੱਲਿਆ ਚਾਰ ਪਹਿਰ ਦੀ ਪੂਜਾ ਦਾ ਦੌਰ
ਮਹਾ ਸ਼ਿਵਰਾਤਰੀ ਮੌਕੇ ਸ਼ਹਿਰ ਦੇ ਮੰਦਰਾਂ ’ਚ ਉਮੜੀ ਸ਼ਰਧਾਲੂਆਂ ਦੀ ਭੀੜ, ਦੇਰ ਰਾਤ ਤੱਕ ਚੱਲਿਆ ਚਾਰ ਪਹਿਰ ਦੀ ਪੂਜਾ ਦਾ ਦੌਰ
Publish Date: Sun, 15 Feb 2026 10:32 PM (IST)
Updated Date: Mon, 16 Feb 2026 04:16 AM (IST)

-ਵੱਖ-ਵੱਖ ਸੰਸਥਾਵਾਂ ਵੱਲੋਂ ਲਗਾਏ ਗਏ ਭੰਡਾਰੇ ---ਮੰਦਰਾਂ ਦੇ ਬਾਹਰ ਸਜੇ ਅਸਥਾਈ ਬਾਜ਼ਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐਤਵਾਰ ਸਵੇਰੇ ਛੇ ਵਜੇ ਦਾ ਸਮਾਂ ਸੀ। ਪੰਜਾਬ ਦੇ ਇਕੱਲੇ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ’ਚ ਪਰਿਕਰਮਾ ਦੌਰਾਨ ਬਣੇ ਪ੍ਰਾਚੀਨ ਸ਼ਿਵਾਲੇ ਦੇ ਬਾਹਰ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਜੋ ਦੇਖਦੇ ਹੀ ਦੇਖਦੇ ਗੇਟ ਤੱਕ ਪਹੁੰਚ ਗਈਆਂ। ਹੱਥਾਂ ’ਚ ਪੂਜਾ ਸਮੱਗਰੀ ਫੜੇ ਤੇ ਓਮ ਨਮਃਸ਼ਿਵਾਇ ਦਾ ਜਾਪ ਕਰਦੇ ਸ਼ਿਵ ਭਗਤ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਸ਼ਹਿਰ ਦੇ ਮੰਦਰਾਂ ’ਚ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਹੋ ਰਿਹਾ ਸੀ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ਹਿਰ ਭਰ ’ਚ ਲੰਗਰ ਤੇ ਭੰਡਾਰਾ ਕਰਵਾਇਆ। ਮਹਾ ਸ਼ਿਵਰਾਤਰੀ ਨੂੰ ਲੈ ਕੇ ਦਿਨ ਭਰ ਮੰਦਰਾਂ ’ਚ ਪ੍ਰੋਗਰਾਮ ਚੱਲਦੇ ਰਹੇ ਤੇ ਸ਼ਾਮ ਢਲਦੇ ਹੀ ਚਾਰ ਪਹਿਰ ਦੀ ਪੂਜਾ ਸ਼ੁਰੂ ਹੋ ਗਈ ਜੋ ਦੇਰ ਰਾਤ ਤੱਕ ਜਾਰੀ ਰਹੀ। ਇਸ ਵਾਰ ਸਰਵਾਰਥ ਸਿੱਧ ਯੋਗ ਦੇ ਸੁਭ ਸੰਯੋਗ ’ਚ ਤਿਉਹਾਰ ਮਨਾਉਣ ਕਾਰਨ ਸ਼ਿਵ ਭਗਤਾਂ ’ਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਵਰਤ ਰੱਖਣ ਵਾਲੇ ਭਗਤਾਂ ਦਾ ਦਿਨ ਭਰ ਮੰਦਰਾਂ ’ਚ ਤਾਂਤਾ ਲੱਗਿਆ ਰਿਹਾ। ਚਾਰ ਪਹਿਰ ਦੀ ਪੂਜਾ ਲਈ ਪੁਜਾਰੀਆਂ ਨੇ ਸਮੂਹ ਬਣਾਕੇ ਵਿਧੀਵਤ ਰਸਮਾਂ ਅਦਾ ਕਰਵਾਈਆਂ। --- ਸ਼ਹਿਰ ’ਚ ਦੋ ਸੌ ਤੋਂ ਵੱਧ ਥਾਵਾਂ ’ਤੇ ਲਗੇ ਭੰਡਾਰੇ ਮਹਾ ਸ਼ਿਵਰਾਤਰੀ ਮੌਕੇ ਸ਼ਹਿਰ ’ਚ ਐਤਵਾਰ ਨੂੰ ਦੋ ਸੌ ਤੋਂ ਵੱਧ ਥਾਵਾਂ ’ਤੇ ਭੰਡਾਰੇ ਲਗੇ। ਵੱਖ-ਵੱਖ ਪਕਵਾਨਾਂ ਦੇ ਨਾਲ ਫਲਾਂ ਦਾ ਪ੍ਰਸਾਦ ਵੀ ਵੰਡਿਆ ਗਿਆ। ਜੀਟੀ ਰੋਡ ਤੋਂ ਲੈ ਕੇ ਬਾਜ਼ਾਰਾਂ, ਕਾਲੋਨੀਆਂ ਤੇ ਗਲੀਆਂ-ਮੁਹੱਲਿਆਂ ਤੱਕ ਭੰਡਾਰੇ ਲੱਗੇ ਰਹੇ। ਇਸ ਕਰਕੇ ਹਲਵਾਈਆਂ, ਰਸੋਈਆਂ ਤੇ ਕੈਟਰਰਾਂ ਦੀ ਬੁਕਿੰਗ ਪਹਿਲਾਂ ਹੀ ਕਰਵਾ ਲਈ ਗਈ ਸੀ। --- ਪ੍ਰਾਚੀਨ ਸ਼ਿਵ ਮੰਦਰ ਦਮੋਰੀਆ ਪੁਲ ’ਚ ਦਿਨ ਭਰ ਸ਼ਿਵ ਸੰਕੀਰਤਨ ਰੇਲਵੇ ਰੋਡ ਸਥਿਤ ਪ੍ਰਾਚੀਨ ਸ਼ਿਵ ਮੰਦਰ ਦਮੋਰੀਆ ਪੁਲ ’ਚ ਦਿਨ ਭਰ ਸ਼ਿਵ ਸੰਕੀਰਤਨ ਕੀਤਾ ਗਿਆ। ਸ਼ਿਵ ਯੋਗ, ਸਰਵਾਰਥ ਸਿੱਧੀ ਯੋਗ, ਪ੍ਰੀਤੀ ਯੋਗ, ਆਯੁਸ਼ਮਾਨ ਯੋਗ, ਸੌਭਾਗਯ ਯੋਗ, ਸ਼ੋਭਨ ਯੋਗ, ਸਾਧਯ ਯੋਗ, ਸ਼ੁਕਲ ਯੋਗ ਤੇ ਧ੍ਰੁਵ ਯੋਗ ਦੇ ਸੰਯੋਗ ’ਚ ਮਨਾਏ ਗਏ ਸਮਾਗਮ ਦੌਰਾਨ ਉੱਤਰਾਖੰਡ ਦੇ ਤ੍ਰਿਯੁਗੀਨਾਰਾਇਣ ਮੰਦਰ ਦੀ ਤਰਜ਼ ’ਤੇ ਪ੍ਰਜਵਲਿਤ ਅਖੰਡ ਧੂਨੀ ’ਤੇ ਭਗਤਾਂ ਨੇ ਮੱਥਾ ਟੇਕਿਆ। ਤੜਕੇ ਚਾਰ ਵਜੇ ਮੰਦਰ ਦੇ ਕਿਵਾੜ ਖੋਲ੍ਹ ਦਿੱਤੇ ਗਏ। ਭੋਲੇ ਬਾਬਾ ਦਾ ਸ਼ਿੰਗਾਰ ਦੇਸੀ-ਵਿਦੇਸ਼ੀ ਫੁੱਲਾਂ ਨਾਲ ਕੀਤਾ ਗਿਆ। ਬਿਲਵ ਪੱਤਰ, ਭਾਂਗ, ਧਤੂਰਾ ਤੇ ਫੁੱਲਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਪੰਡਿਤ ਚਕ੍ਰਪ੍ਰਸਾਦ ਜੋਸ਼ੀ ਵੱਲੋਂ ਮਹਾਰੁਦ੍ਰਾਭਿਸ਼ੇਕ ਕੀਤਾ ਗਿਆ। ਇਸ ਮੌਕੇ ਫਲਾਂ ਦਾ ਲੰਗਰ ਵੀ ਲਗਾਇਆ ਗਿਆ ਤੇ ਭਜਨ ਲੇਖਕ ਬਲਬੀਰ ਨਿਰਦੋਸ਼ ਦੀ ਰਚਨਾ ਸ਼ਿਵ ਅੰਮ੍ਰਿਤਵਾਣੀ ਦਾ ਸੰਗੀਤਮਈ ਪਾਠ ਕੀਤਾ ਗਿਆ। ਸਮਾਗਮ ’ਚ ਵਿਧਾਇਕ ਬਾਵਾ ਹੈਨਰੀ, ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ, ਉਦਯੋਗਪਤੀ ਨਰੇਸ਼ ਸਹਗਲ, ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਵਿਕਰਾਂਤ ਵਰਮਾ ਤੇ ਅਮਿਤ ਸਹਗਲ ਸਮੇਤ ਹੋਰ ਮਹਿਮਾਨ ਸ਼ਾਮਲ ਹੋਏ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ----------------------------- ਸ਼ੋਭਾ ਯਾਤਰਾ ਕੱਢੀ, ਕੀਤੀ ਸ਼ਿਵ ਮਹਿਮਾ ਦਾ ਗੁਣਗਾਨ ਪ੍ਰਜਾਪਿਤਾ ਬ੍ਰਹਮਾਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਯ ਸ਼ੰਕਰ ਗਾਰਡਨ ਸ਼ਾਖਾ ਵੱਲੋਂ ਸ਼ੋਭਾ ਯਾਤਰਾ ਸਜਾਈ। ਮੇਅਰ ਵਿਨੀਤ ਧੀਰ ਤੇ ਕੌਂਸਲਰ ਦੀਪਕ ਸ਼ਾਰਦਾ ਵੀ ਇਸ ’ਚ ਸ਼ਾਮਲ ਹੋਏ। ਸ਼ੋਭਾ ਯਾਤਰਾ ਸ਼ੰਕਰ ਗਾਰਡਨ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਰਾਹੀਂ ਸੰਪੰਨ ਹੋਈ। --------------------- ਬੀਡੀਏ ਇਨਕਲੇਵ ’ਚ ਸ਼ਿਵ ਵਿਆਹ ਸ਼ਿਵ ਸ਼ਕਤੀ ਮੰਦਰ ਬੀਡੀਏ ਇਨਕਲੇਵ ’ਚ ਸ਼ਿਵ ਵਿਆਹ ਦਾ ਪ੍ਰੋਗਰਾਮ ਕੀਤਾ ਗਿਆ। ਆਰਤੀ ਤੋਂ ਬਾਅਦ ਭੰਡਾਰਾ ਲਗਾਇਆ ਗਿਆ ਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ------------------- ਸ਼ਿਵ ਮਹਿਮਾ ਦਾ ਗੁਣਗਾਨ ਨਿਊ ਲੋਕ ਸੇਵਾ ਵੈਲਫੇਅਰ ਸੁਸਾਇਟੀ ਉਪਕਾਰ ਨਗਰ ਵੱਲੋਂ ਸਮਾਰੋਹ ਕਰਵਾ ਕੇ ਸ਼ਿਵ ਆਰਾਧਨਾ ਨਾਲ ਸ਼ੁਰੂਆਤ ਕੀਤੀ ਗਈ। ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਭੰਡਾਰਾ ਲਗਾਇਆ ਗਿਆ। ----------------- ਅੱਜ ਵੀ ਲੱਗਣਗੇ ਭੰਡਾਰੇ ਮਹਾ ਸ਼ਿਵਰਾਤਰੀ ’ਤੇ ਜ਼ਿਆਦਾਤਰ ਭਗਤ ਵਰਤ ਰੱਖਦੇ ਹਨ। ਇਸ ਕਰਕੇ ਸੋਮਵਾਰ ਨੂੰ ਵੀ ਕਈ ਥਾਵਾਂ ’ਤੇ ਭੰਡਾਰੇ ਲਗਾਏ ਜਾਣਗੇ, ਜਿਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।